ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਆਖੀਆਂ ਵੱਡੀਆਂ ਗੱਲਾਂ

Sunday, Jul 07, 2024 - 06:41 PM (IST)

ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਆਖੀਆਂ ਵੱਡੀਆਂ ਗੱਲਾਂ

ਅੰਮ੍ਰਿਤਸਰ/ਆਸਾਮ- ਖਾਲਿਸਤਾਨ ਨੂੰ ਲੈ ਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਪਸ਼ਟੀਕਰਨ ਦਿੱਤਾ ਹੈ। ਅੰਮ੍ਰਿਤਪਾਲ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਸੁਣ ਕੇ ਮਨ ਬੇਹੱਦ ਦੁਖ਼ੀ ਹੋਇਆ ਹੈ। ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ 'ਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਮੇਰੇ ਕਿਸੇ ਵੀ ਹਮਾਇਤੀ ਵੱਲੋਂ ਨਹੀਂ ਆਉਣਾ ਚਾਹੀਦਾ। ਅੰਮ੍ਰਿਤਪਾਲ ਨੇ ਐਕਸ (ਟਵਿੱਟਰ) ਅਕਾਊਂਟ 'ਤੇ ਅੱਗੇ ਲਿਖਦੇ ਹੋਏ ਕਿਹਾ...

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤਦਿਆਂ ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 12 ਸਾਲਾ ਬੱਚੇ ਦੀ ਹੋਈ ਮੌਤ

ਰਾਜ ਬਿਨਾ ਨਹਿ ਧਰਮ ਚਲੈ ਹੈਂ॥
ਧਰਮ ਬਿਨਾ ਸਭ ਦਲੈ ਮਲੈ ਹੈਂ॥ 
ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
ਕੱਲ੍ਹ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖ਼ੀ ਹੋਇਆ। ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖ਼ਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ। 
ਖਾਲਸੇ ਰਾਜ ਦਾ ਸੁਫ਼ਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਫ਼ਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ, ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਫ਼ਨੇ ਵਿੱਚ ਵੀ ਨਹੀਂ ਸੋਚ ਸਕਦੇ।
ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਅਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ 'ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁੱਕਵਾਂ ਬੈਠਦਾ ਹੈ, ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ। ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖ਼ਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ। 
ਗੁਰੂ ਪੰਥ ਦਾ ਦਾਸ
ਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ

ਉਥੇ ਹੀ ਇਸ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਇਹ ਟਵੀਟ ਅੰਮ੍ਰਿਤਪਾਲ ਸਿੰਘ ਵੱਲੋਂ ਹੀ ਕੀਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ Zomato ਦੇ ਡਿਲਿਵਰੀ ਬੁਆਏ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਬੀਤੇ ਸ਼ੁਕਰਵਾਰ ਸੰਸਦ ਮੈਂਬਰ ਦੇ ਅਹੁਦੇ ਲਈ ਹਲਫ਼ ਲੈ ਲਿਆ ਸੀ। ਉਨ੍ਹਾਂ ਨੂੰ ਸਹੁੰ ਚੁੱਕਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਵਿਚ ਸਖ਼ਤ ਸੁਰੱਖਿਆ ਹੇਠ ਦਿੱਲੀ ਲਿਆਂਦਾ ਗਿਆ ਸੀ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਦਿੱਲੀ ਤੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਪਰ ਸਹੁੰ ਚੁੱਕਦੇ ਹੀ ਪਰਿਵਾਰ ਨਾਲ 50 ਮਿੰਟ ਦੀ ਮੁਲਾਕਾਤ ਪਿੱਛੋਂ ਉਨ੍ਹਾਂ ਨੂੰ ਡਿਬਰੁਗੜ੍ਹ ਜੇਲ੍ਹ ਭੇਜ ਦਿੱਤਾ ਗਿਆ।

ਮਾਂ ਦਾ ਇਹ ਬਿਆਨ ਹੋਇਆ ਸੀ ਵਾਇਰਲ
ਇਸ ਤੋਂ ਪਹਿਲਾਂ ‘ਵਾਰਿਸ ਪੰਜਾਬ ਦੇ’ਦੇ ਮੁਖੀ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਸੀ ਕਿ ਮੈਂ ਸਾਰੇ ਸਮਰਥਕਾਂ ਨੂੰ ਵਧਾਈ ਦਿੰਦੀ ਹਾਂ। ਉਨ੍ਹਾਂ ਨੂੰ ਵੀ ਜੂਨ ਵਿੱਚ ਹੋਰ ਸੰਸਦ ਮੈਂਬਰਾਂ ਦੇ ਨਾਲ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ। ਇਸ ਤੋਂ ਬਾਅਦ ਪੱਤਰਕਾਰ ਦੇ ਸਵਾਲ 'ਤੇ ਉਨ੍ਹਾਂ ਕਿਹਾ ਸੀ ਕਿ ਕੋਈ ਕੁਝ ਵੀ ਕਹੀ ਜਾਵੇ, ਅੰਮ੍ਰਿਤਪਾਲ ਕੋਈ ਖਾਲਿਸਤਾਨੀ ਨਹੀਂ ਹੈ। ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ 'ਤੇ ਉਹ ਬੇਹੱਦ ਖ਼ੁਸ਼ ਹਨ। ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਉਸ ਨੂੰ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇ। 

ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਤੈਸ਼ 'ਚ ਆਏ ਚਾਚੇ ਨੇ ਭਤੀਜੇ ਦੇ ਸਿਰ 'ਤੇ ਇੱਟ ਮਾਰ ਕੇ ਉਤਾਰਿਆ ਮੌਤ ਦੇ ਘਾਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News