ਅੰਮ੍ਰਿਤਪਾਲ ਸਿੰਘ ਵੱਲੋਂ CM ਮਾਨ ਖ਼ਿਲਾਫ ਧੂਰੀ ਤੋਂ ਚੋਣ ਲੜਨ ਦੀ ਚਰਚਾ
Wednesday, Aug 19, 2026 - 06:42 PM (IST)
ਧੂਰੀ : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਕ ਮੁਕਾਬਲੇ ਦੀ ਤਿਆਰੀ ਕਰ ਰਿਹਾ ਹੈ। ਸੂਤਰ ਦੱਸਦੇ ਹਨ ਕਿ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਧੂਰੀ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਚੋਣ ਲੜ ਸਕਦੇ ਹਨ। ਪਾਰਟੀ ਸੂਤਰਾਂ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਖਡੂਰ ਸਾਹਿਬ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਧੂਰੀ ਤੋਂ ਚੋਣ ਲੜਨ ਵਿਚ ਦਿਲਚਸਪੀ ਪ੍ਰਗਟਾਈ ਹੈ ਜਦੋਂ ਕਿ ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਦੇ ਬਦਲਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਪਾਰਟੀ ਮੁਖੀ ਧੂਰੀ ਤੋਂ ਚੋਣ ਲੜਨ ਦੇ ਚਾਹਵਾਨ ਹਨ, ਇਸ ਸਬੰਧੀ ਬਕਾਇਦਾ ਮੀਟਿੰਗਾਂ ਵੀ ਚੱਲ ਰਹੀਆਂ ਹਨ।
ਪਾਰਟੀ ਸੂਤਰ ਦੱਸਦੇ ਹਨ ਕਿ ਵਿਰੋਧੀ ਪਾਰਟੀਆਂ ਨੇ ਦਿੱਗਜ ਉਮੀਦਵਾਰਾਂ ਨੂੰ ਉਨ੍ਹਾਂ ਦੇ ਗੜ੍ਹ ਵਿਚ ਹੀ ਚੁਣੌਤੀ ਦਿੱਤੀ ਜਾਵੇਗੀ। ਸਿਰਫ ਅੰਮ੍ਰਿਤਪਾਲ ਹੀ ਨਹੀਂ ਸਗੋਂ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਨੂੰ ਹੋਰ ਮੁੱਖ ਵਿਰੋਧੀਆਂ ਖ਼ਿਲਾਫ਼ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਧੂਰੀ ਨੂੰ ਵਰਤਮਾਨ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਕਸਬੇ ਵਿਚ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਵਰਗੀਆਂ ਕਈ ਸਰਕਾਰੀ ਪਹਿਲਕਦਮੀਆਂ ਦੀ ਸ਼ੁਰੂਆਤ ਦੇਖਣ ਨੂੰ ਮਿਲੀ ਹੈ। ਇਥੇ ਇਹ ਵੀ ਦੱਸ ਦਈਏ ਕਿ ਵਾਰਸ ਪੰਜਾਬ ਦੇ ਵੱਲੋਂ ਪਹਿਲਾਂ ਹੀ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹੁਣ ਜਦੋਂ ਅੰਮ੍ਰਿਤਪਾਲ ਸਿੰਘ ਦੇ ਧੂਰੀ ਤੋਂ ਚੋਣ ਲੜਨ ਦੀ ਗੱਲ ਚੱਲ ਰਹੀ ਹੈ ਅਤੇ ਜੇਕਰ ਇਹ ਚਰਚੇ ਸੱਚ ਸਾਬਤ ਹੁੰਦੇ ਹਨ ਕਿ ਧੂਰੀ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਬਣ ਜਾਵੇਗੀ।
