ਦਾਣਾ ਮੰਡੀ ’ਚ ਮੁੜ ਹੋਈ ਚੋਰੀ, ਨਸ਼ੇੜੀਆਂ ਦੇ ਵਧਦੇ ਖੌਫ਼ ਤੋਂ ਲੋਕ ਪ੍ਰੇਸ਼ਾਨ

Monday, Sep 07, 2026 - 02:18 PM (IST)

ਦਾਣਾ ਮੰਡੀ ’ਚ ਮੁੜ ਹੋਈ ਚੋਰੀ, ਨਸ਼ੇੜੀਆਂ ਦੇ ਵਧਦੇ ਖੌਫ਼ ਤੋਂ ਲੋਕ ਪ੍ਰੇਸ਼ਾਨ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਦਾਣਾ ਮੰਡੀ ਖੇਤਰ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕੁਝ ਦਿਨ ਪਹਿਲਾਂ ਹੀ ਇਸ ਖੇਤਰ ਵਿਚ ਕਰਿਆਨਾ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ, ਜਦਕਿ ਇਸ ਤੋਂ ਪਹਿਲਾਂ ਕਰੀਬ 20 ਵਿਅਕਤੀਆਂ ਵੱਲੋਂ ਦੋ ਵਿਅਕਤੀਆਂ ਕੋਲੋਂ 7 ਹਜ਼ਾਰ ਰੁਪਏ ਅਤੇ ਤਿੰਨ ਮੋਬਾਈਲ ਫੋਨ ਲੁੱਟਣ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ। ਹੁਣ ਤਾਜ਼ਾ ਘਟਨਾ ਵਿਚ ਜ਼ਿਲਾ ਅਗਰਵਾਲ ਸਭਾ ਦੇ ਸਰਪ੍ਰਸਤ ਪਿਆਰਾ ਲਾਲ ਰਾਏਸਰੀਆ ਦੇ ਦਾਣਾ ਮੰਡੀ ਮੰਦਰ ਨੇੜੇ ਸਥਿਤ ਦਫ਼ਤਰ ਵਿਚ ਚੋਰਾਂ ਨੇ ਕੰਧ ਵਿਚ ਪਾੜ ਲਾ ਕੇ ਦਾਖ਼ਲ ਹੁੰਦਿਆਂ ਕਰੀਬ 7 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।

ਪਿਆਰਾ ਲਾਲ ਰਾਏਸਰੀਆ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਵਾ 7 ਵਜੇ ਦੋ ਵਿਅਕਤੀ ਉਨ੍ਹਾਂ ਦੇ ਦਫ਼ਤਰ ਵਿਚ ਆਏ ਸਨ। ਉਸ ਸਮੇਂ ਉਨ੍ਹਾਂ ਦਾ ਮੈਨੇਜਰ ਕ੍ਰਿਸ਼ਨ ਕੁਮਾਰ ਦਫ਼ਤਰ ਵਿਚ ਬੈਠਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀ ਨਸ਼ੇ ਦੀ ਹਾਲਤ ਵਿਚ ਸਨ ਅਤੇ ਕਿਸੇ ਬਹਾਨੇ ਨਾਲ ਦਫ਼ਤਰ ਵਿਚ ਆ ਕੇ ਬੈਠ ਗਏ। ਇਸੇ ਦੌਰਾਨ ਉਨ੍ਹਾਂ ਦਾ ਡਰਾਈਵਰ ਅਤੇ ਇਕ ਹੋਰ ਵਿਅਕਤੀ ਦਫ਼ਤਰ ਵਿਚ ਆ ਗਏ। ਉਨ੍ਹਾਂ ਨੂੰ ਵੇਖਦਿਆਂ ਹੀ ਦੋਵੇਂ ਵਿਅਕਤੀ ਕੋਈ ਬਹਾਨਾ ਬਣਾ ਕੇ ਉਥੋਂ ਚਲੇ ਗਏ।

ਉਨ੍ਹਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਰਾਤ ਸਮੇਂ ਕੁਝ ਵਿਅਕਤੀਆਂ ਨੇ ਕੰਧ ਟੱਪ ਕੇ ਦਫ਼ਤਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਕੰਧ ਵਿਚ ਪਾੜ ਲਾ ਦਿੱਤਾ। ਇਸ ਰਸਤੇ ਰਾਹੀਂ ਅੰਦਰ ਦਾਖ਼ਲ ਹੋਏ ਚੋਰ ਦਫ਼ਤਰ ਵਿਚ ਪਿਆ ਕਰੀਬ 7 ਹਜ਼ਾਰ ਰੁਪਏ ਦਾ ਕੈਸ਼ ਲੈ ਗਏ। ਚੋਰਾਂ ਨੇ ਜਾਣ ਤੋਂ ਪਹਿਲਾਂ ਦਫ਼ਤਰ ਅੰਦਰ ਪਈਆਂ ਵਸਤਾਂ ਦੀ ਫਰੋਲਾ-ਫਰਾਲੀ ਵੀ ਕੀਤੀ। ਸਵੇਰੇ ਜਦੋਂ ਦਫ਼ਤਰ ਖੋਲ੍ਹਿਆ ਗਿਆ ਤਾਂ ਚੋਰੀ ਦੀ ਘਟਨਾ ਦਾ ਪਤਾ ਲੱਗਾ।

ਪੰਜ ਮਹੀਨੇ ਪਹਿਲਾਂ ਵੀ ਹੋਈ ਸੀ ਚੋਰੀ

ਇਸ ਘਟਨਾ ਦੀ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਜਿਸ ਦਫ਼ਤਰ ਨੂੰ ਹੁਣ ਮੁੜ ਨਿਸ਼ਾਨਾ ਬਣਾਇਆ ਗਿਆ ਹੈ, ਉਥੇ ਕਰੀਬ ਪੰਜ ਮਹੀਨੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ। ਪਿਛਲੀ ਚੋਰੀ ਦੇ ਮਾਮਲੇ ਵਿਚ ਵੀ ਅਜੇ ਤੱਕ ਕੋਈ ਸੁਰਾਗ ਨਾ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ। ਲਗਾਤਾਰ ਇਕੋ ਇਲਾਕੇ ਵਿਚ ਚੋਰੀਆਂ ਹੋਣ ਕਾਰਨ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਾਣਾ ਮੰਡੀ ਅਤੇ ਇਸ ਦੇ ਨੇੜਲੇ ਖੇਤਰ ਵਿਚ ਨਸ਼ੇ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਨਸ਼ੇ ਦੀ ਲਤ ਨਾਲ ਜੁੜੇ ਕੁਝ ਵਿਅਕਤੀਆਂ ਕਾਰਨ ਇਲਾਕੇ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਰਾਤ ਸਮੇਂ ਸੁੰਨੀਆਂ ਥਾਵਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਲੋਕ ਆਪਣੇ ਕਾਰੋਬਾਰੀ ਅਦਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।

ਲੋਕਾਂ ਨੇ ਕੀਤਾ ਸੀ ਰੋਸ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਸ਼ੇੜੀਆਂ ਤੋਂ ਪ੍ਰੇਸ਼ਾਨ ਇਲਾਕਾ ਵਾਸੀਆਂ ਨੇ ਖੁੱਡੀ ਰੋਡ ’ਤੇ ਸੜਕ ਜਾਮ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਸੀ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਨਸ਼ਾ ਕਰਨ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਉਸ ਸਮੇਂ ਲੋਕਾਂ ਨੇ ਕਿਹਾ ਸੀ ਕਿ ਨਸ਼ੇ ਦੀ ਸਮੱਸਿਆ ਕਾਰਨ ਇਲਾਕੇ ਵਿਚ ਚੋਰੀਆਂ ਅਤੇ ਹੋਰ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ ਪਰ ਖੁੱਡੀ ਰੋਡ ਜਾਮ ਤੋਂ ਕੁਝ ਸਮੇਂ ਬਾਅਦ ਹੀ ਮੁੜ ਚੋਰੀ ਦੀ ਘਟਨਾ ਸਾਹਮਣੇ ਆਉਣ ਕਾਰਨ ਇਲਾਕਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਘਟਨਾ ਵਾਪਰਨ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਨਸ਼ੇ ਦੇ ਸਰੋਤਾਂ ਅਤੇ ਅਪਰਾਧਿਕ ਸਰਗਰਮੀਆਂ ’ਤੇ ਪਹਿਲਾਂ ਹੀ ਨੱਥ ਪਾਉਣ ਦੀ ਲੋੜ ਹੈ।

ਵਪਾਰੀਆਂ ਅਤੇ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਦਾਣਾ ਮੰਡੀ ਖੇਤਰ ਵਿੱਚ ਰਾਤ ਸਮੇਂ ਪੁਲਸ ਗਸ਼ਤ ਵਧਾਉਣ, ਪਿਛਲੀਆਂ ਚੋਰੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਅਤੇ ਤਾਜ਼ਾ ਚੋਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਨਸ਼ੇ ਦੀ ਸਮੱਸਿਆ ਅਤੇ ਇਸ ਨਾਲ ਜੁੜੀਆਂ ਅਪਰਾਧਿਕ ਸਰਗਰਮੀਆਂ ’ਤੇ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।


author

Anmol Tagra

Content Editor

Related News