ਕੱਟ ਤੋਂ ਸਲਿੱਪ ਰੋਡ ’ਤੇ ਚੜ੍ਹਦਿਆਂ ਨਮਕ ਦੀ ਭਰੀ ਟਰਾਲੀ ਪਲਟੀ, ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ

Wednesday, Sep 16, 2026 - 01:08 PM (IST)

ਕੱਟ ਤੋਂ ਸਲਿੱਪ ਰੋਡ ’ਤੇ ਚੜ੍ਹਦਿਆਂ ਨਮਕ ਦੀ ਭਰੀ ਟਰਾਲੀ ਪਲਟੀ, ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ

ਤਪਾ ਮੰਡੀ (ਸ਼ਾਮ,ਗਰਗ): ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਘੜੇਲੀ ਚੌਕ ਨੇੜੇ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਨਮਕ ਨਾਲ ਭਰੀ ਟਰਾਲੀ ਨੂੰ ਲੈ ਕੇ ਜਾ ਰਹੇ ਘੋੜਾ ਟਰਾਲੇ ਦੀ ਹੁੱਕ ਅਚਾਨਕ ਟੁੱਟ ਗਈ। ਹੁੱਕ ਟੁੱਟਣ ਕਾਰਨ ਪਿੱਛੇ ਜੁੜੀ ਟਰਾਲੀ ਸੜਕ ਤੋਂ ਹੇਠਾਂ ਜਾ ਕੇ ਸਲਿੱਪ ਰੋਡ ’ਤੇ ਪਲਟ ਗਈ। ਹਾਦਸੇ ਦੌਰਾਨ ਟਰਾਲੀ ਚਾਲਕ ਦਾ ਬਚਾਅ ਹੋ ਗਿਆ, ਜਦਕਿ ਟਰਾਲੀ ਵਿੱਚ ਭਰੇ ਨਮਕ ਦੇ ਗੱਟੇ ਨੇੜਲੇ ਖੇਤ ਵਿੱਚ ਖਿੱਲਰ ਗਏ। ਘਟਨਾ ਸਬੰਧੀ ਘੋੜਾ ਟਰਾਲਾ ਚਾਲਕ ਆਸ਼ੂ ਰਾਮ ਨੇ ਦੱਸਿਆ ਕਿ ਉਹ ਬੀਕਾਨੇਰ ਤੋਂ ਨਮਕ ਲੋਡ ਕਰਕੇ ਰਾਜਪੁਰਾ ਵੱਲ ਜਾ ਰਿਹਾ ਸੀ। ਘੜੇਲੀ ਚੌਕ ਵਾਲੇ ਓਵਰਬ੍ਰਿਜ ਤੋਂ ਉਤਰਨ ਉਪਰੰਤ ਜਦੋਂ ਉਹ ਮੁੱਖ ਸੜਕ ਤੋਂ ਕੱਟ ਲੈ ਕੇ ਸਲਿੱਪ ਰੋਡ ’ਤੇ ਚੜ੍ਹਨ ਲੱਗਾ ਤਾਂ ਅਚਾਨਕ ਪਿੱਛੇ ਲੱਗੀ ਟਰਾਲੀ ਦੀ ਹੁੱਕ ਟੁੱਟ ਗਈ। ਕੁਝ ਹੀ ਪਲਾਂ ਵਿੱਚ ਟਰਾਲੀ ਪਲਟ ਗਈ ਅਤੇ ਉਸ ਵਿੱਚ ਲੱਦੇ ਨਮਕ ਦੇ ਗੱਟੇ ਖੇਤ ਵਿੱਚ ਜਾ ਡਿੱਗੇ।

ਹਾਦਸੇ ਦੀ ਲਪੇਟ ਵਿਚ ਨੇੜਿਓਂ ਲੰਘ ਰਹੀਆਂ ਬਿਜਲੀ ਤਾਰਾਂ ਟੁੱਟਣ ਕਾਰਨ ਕੁਝ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਉੱਧਰ ਖੇਤ ਮਾਲਕ ਜੱਗੀ ਸਿੰਘ ਨੇ ਦੱਸਿਆ ਕਿ ਨਮਕ ਦੇ ਗੱਟੇ ਖੇਤ ਵਿੱਚ ਡਿੱਗਣ ਕਾਰਨ ਖੇਤ ਅਤੇ ਫ਼ਸਲ ਨੂੰ ਨੁਕਸਾਨ ਹੋਇਆ ਹੈ। ਰਾਹਗੀਰਾਂ ਨੇ ਦੱਸਿਆ ਕਿ ਇਸ ਕੱਟ ਵਾਲੀ ਥਾਂ ’ਤੇ ਸੜਕ ਦਾ ਪੱਧਰ ਉੱਚਾ ਹੋਣ ਕਾਰਨ ਵਾਹਨਾਂ ਨੂੰ ਸਲਿੱਪ ਰੋਡ ’ਤੇ ਚੜ੍ਹਨ ਸਮੇਂ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਕਿ ਸੜਕ ਦੇ ਪੱਧਰ ਨੂੰ ਠੀਕ ਕਰਕੇ ਕੱਟ ਨੂੰ ਪੱਧਰਾ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਹਾਦਸਿਆਂ ਨੂੰ ਰੋਕਿਆ ਜਾ ਸਕੇ। 
 


author

Anmol Tagra

Content Editor

Related News