ਗ੍ਰਿਫ਼ਤਾਰੀ ਤੋਂ ਬਾਅਦ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਅੰਮ੍ਰਿਤਪਾਲ
Sunday, Apr 23, 2023 - 06:17 PM (IST)
ਮੋਗਾ/ਬਠਿੰਡਾ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੋਡਾ ’ਚੋਂ ਗ੍ਰਿਫਤਾਰ ਕਰ ਲਿਆ ਗਿਆ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਐੱਨ. ਐੱਸ. ਏ. ਤਹਿਤ ਕੀਤੀ ਗਈ ਹੈ। ਅੰਮ੍ਰਿਤਪਾਲ ਪਿਛਲੇ 35 ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਪੁਲਸ ਨੇ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪੁਲਸ ਪਹਿਲਾਂ ਅੰਮ੍ਰਿਤਪਾਲ ਨੂੰ ਮੋਗਾ ਤੋਂ ਬਠਿੰਡਾ ਲੈ ਕੇ ਗਈ ਜਿੱਥੋਂ ਫਲਾਈਟ ਰਾਹੀਂ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਵੀ ਇਸੇ ਜੇਲ੍ਹ ਵਿਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਪ੍ਰੈੱਸ ਕਾਨਫਰੰਸ, ਪੂਰੀ ਕਾਰਵਾਈ ਦੀ ਦਿੱਤੀ ਜਾਣਕਾਰੀ
ਕੀ ਕਿਹਾ ਆਈ. ਜੀ. ਪੀ. ਸੁਖਚੈਨ ਸਿੰਘ ਗਿੱਲ ਨੇ
ਪੰਜਾਬ ਪੁਲਸ ਦੇ ਆਈ. ਜੀ. ਪੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਅੱਜ ਸਵੇਰੇ 6.45 ਵਜੇ ਮੋਗਾ ਦੇ ਪਿੰਡ ਰੋਡੇ ’ਤੋਂ ਪੰਜਾਬ ਪੁਲਸ ਅਤੇ ਇੰਟੈਲੀਜੈਂਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਕੋਲ ਅੰਮ੍ਰਿਤਪਾਲ ਦੇ ਪਿੰਡ ਰੋਡੇ ਵਿਚ ਹੋਣ ਦੀ ਪੱਕੀ ਸੂਚਨਾ ਸੀ, ਜਿਸ ਤੋਂ ਬਾਅਦ ਪਿੰਡ ਵਿਚ ਪੁਲਸ ਫੋਰਸ ਵਧਾ ਦਿੱਤੀ ਗਈ। ਇਸ ਕਾਰਵਾਈ ਦੌਰਾਨ ਪੰਜਾਬ ਪੁਲਸ ਨੇ ਪੂਰੇ ਸੰਜਮ ਤੋਂ ਕੰਮ ਲਿਆ ਕਿਉਂਕਿ ਅੰਮ੍ਰਿਤਪਾਲ ਗੁਰਦੁਆਰਾ ਸਾਹਿਬ ਅੰਦਰ ਸੀ, ਇਸ ਲਈ ਪੰਜਾਬ ਪੁਲਸ ਦਾ ਕੋਈ ਵੀ ਮੁਲਾਜ਼ਮ ਵਰਦੀ ਵਿਚ ਹੋਣ ਕਰਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਨਹੀਂ ਹੋਇਆ, ਗੁਰਦੁਆਰਾ ਸਾਹਿਬ ਦੀ ਮਰਿਆਦਾ ਸੁਪਰੀਮ ਹੈ, ਜਿਸ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅੰਦਰ ਕੀ ਕੁੱਝ ਹੋਇਆ, ਇਸ ’ਤੇ ਟਿੱਪਣੀ ਕਰਨਾ ਠੀਕ ਨਹੀਂ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਚੰਗੀ ਖ਼ਬਰ, ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।