ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ
Monday, Apr 17, 2023 - 05:12 PM (IST)

ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਾਵਾਲ ਦੇ 20 ਸਾਲਾ ਨੌਜਵਾਨ ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ 'ਚ 52 ਸੁਪਰਮੈਨ ਪੁਸ਼ਅਪ ਕਰਕੇ ਲਿਮਕਾ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਅੰਮ੍ਰਿਤਬੀਰ ਸਿੰਘ ਇਸ ਤੋਂ ਪਹਿਲਾਂ ਉਂਗਲਾਂ ਦੇ ਸਹਾਰੇ ਇਕ ਮਿੰਟ 'ਚ 45 ਪੁਸ਼ਅਪ ਲਗਾ ਕੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਵੀ ਆਪਣਾ ਰਿਕਾਰਡ ਦਰਜ ਕਰਵਾ ਚੁੱਕਾ ਹੈ।
ਕੁੜੀ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਣ ਦੀ ਵਾਇਰਲ ਵੀਡੀਓ 'ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਸਪੱਸ਼ਟੀਕਰਨ
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਇਸ ਨੌਜਵਾਨ ਅੰਮ੍ਰਿਤਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਇਸ ਮਾਣਮੱਤੀ ਪ੍ਰਾਪਤੀ ਲਈ ਉਸ ਨੂੰ ਮੁਬਾਰਕਬਾਦ ਦਿੱਤੀ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੰਮ੍ਰਿਤਬੀਰ ਸਿੰਘ ਨੂੰ ਜ਼ਿਲ੍ਹੇ ਦਾ ਯੂਥ ਆਇਕਾਨ ਨਿਯੁਕਤ ਕਰਦਿਆਂ ਕਿਹਾ ਕਿ ਅੰਮ੍ਰਿਤਬੀਰ ਸਿੰਘ ਬਾਕੀ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਬੀਰ ਸਿੰਘ ਨੇ ਆਪਣੀ ਫਿਟਨੈਸ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਗੱਭਰੂ ਅੱਜ ਵੀ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਬੀਰ ਸਿੰਘ ਤੋਂ ਪ੍ਰੇਰਨਾ ਲੈ ਕੇ ਹੋਰ ਨੌਜਵਾਨ ਵੀ ਆਪਣੀ ਸਿਹਤ ਵੱਲ ਧਿਆਨ ਦੇ ਕੇ ਸਿਹਤਮੰਦ, ਰੰਗਲਾ ਤੇ ਖੁਸ਼ਹਾਲ ਪੰਜਾਬ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਨੇ ਅੰਮ੍ਰਿਤਬੀਰ ਸਿੰਘ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ- 'ਆਪ' ਸੁਪਰੀਮੋ ਨੂੰ ਤਲਬ 'ਤੇ ਵਿਰੋਧ, ਮੰਤਰੀ ਧਾਲੀਵਾਲ ਬੋਲੇ- ਕੇਜਰੀਵਾਲ ਦੇ ਵਧਦੇ ਕੱਦ ਤੋਂ ਭਾਜਪਾ ਬੌਖਲਾਈ
ਆਪਣੇ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਉਮਰਵਾਲਾ, ਡੇਰਾ ਬਾਬਾ ਨਾਨਕ-ਬਟਾਲਾ ਰੋਡ ’ਤੇ ਸਥਿਤ ਹੈ ਅਤੇ ਇਸ ਸਮੇਂ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੀ.ਏ. ਭਾਗ ਤੀਸਰਾ ਦਾ ਵਿਦਿਆਰਥੀ ਹੈ। ਅੰਮ੍ਰਿਤਬੀਰ ਸਿੰਘ ਦੱਸਦਾ ਹੈ ਕਿ ਉਸ ਨੇ 12ਵੀਂ ਜਮਾਤ 'ਚ ਪੜ੍ਹਦਿਆਂ ਆਪਣੀ ਫਿਟਨੈੱਸ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਦੀ ਵੀ ਜਿੰਮ ਜੁਆਇੰਨ ਨਹੀਂ ਕੀਤਾ ਅਤੇ ਉਹ ਆਪਣੇ ਘਰ ਹੀ ਡੰਡ-ਬੈਠਕਾਂ ਮਾਰ ਕੇ ਅਭਿਆਸ ਕਰਦਾ ਹੈ। ਇਸ ਲਈ ਉਸਦੇ ਪਿਤਾ ਨਿਸ਼ਾਨ ਸਿੰਘ ਅਤੇ ਮਾਤਾ ਸ੍ਰੀਮਤੀ ਸਿਮਰਜੀਤ ਕੌਰ ਨੇ ਵੀ ਉਸਨੂੰ ਪੂਰਾ ਉਤਸ਼ਾਹਤ ਕਰਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੀਤੇ ਵੱਡੇ ਖ਼ੁਲਾਸੇ
ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਉਂਗਲਾਂ ਦੇ ਸਹਾਰੇ ਇੱਕ ਮਿੰਟ ਵਿੱਚ 45 ਪੁਸ਼ਅਪ ਕਰਕੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ ਸੀ। ਇਸਤੋਂ ਬਾਅਦ ਉਸਨੇ ਇਕ ਮਿੰਟ 'ਚ 52 ਸੁਪਰਮੈਨ ਪੁਸ਼ਅਪ ਕਰਕੇ ਲਿਮਕਾ ਬੁੱਕ ਆਫ਼ ਰਿਕਾਡਰਸ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਸੋਸ਼ਲ ਮੀਡੀਆ ਉਪਰ ਵੀ ਅੰਮ੍ਰਿਤਬੀਰ ਸਿੰਘ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਬਣਾਉਣ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰ ਰਿਹਾ ਹੈ। ਉਸਨੇ ਕਿਹਾ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਦਾ ਯੂਥ ਆਈਕਨ ਬਣਕੇ ਨੌਜਵਾਨਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਹੋਰ ਵੀ ਪ੍ਰੇਰਿਤ ਕਰੇਗਾ। ਇਸ ਮੌਕੇ ਉਸ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਇਸ ਹੱਲਾਸ਼ੇਰੀ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।