ਅਮਰਿੰਦਰ ਵੱਲੋਂ ਧੋਖਾਦੇਹੀ ਕਰਨ ਵਾਲੀਆਂ ਵਿੱਤੀ ਕੰਪਨੀਆਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼
Sunday, Oct 29, 2017 - 07:47 AM (IST)
ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਕੁਝ ਵਿੱਤੀ ਕੰਪਨੀਆਂ ਵੱਲੋਂ ਮਾਸੂਮ ਲੋਕਾਂ ਨਾਲ ਧੋਖਾਦੇਹੀ ਕਰਨ ਦੇ ਮਾਮਲਿਆਂ 'ਚ ਪੰਜਾਬ ਪੁਲਸ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਨ੍ਹਾਂ ਵਿੱਤੀ ਕੰਪਨੀਆਂ ਨੂੰ ਲੋਕਾਂ ਦੀ ਮਿਹਤਨ ਦੀ ਕਮਾਈ ਨੂੰ ਲੁੱਟਣ ਦੀ ਇਜਾਜ਼ਤ ਕਿਸੇ ਵੀ ਹਾਲਤ 'ਚ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਮਾਮਲਿਆਂ 'ਚ ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਸਾਰੇ ਪੁਲਸ ਮੁਖੀਆਂ ਨੂੰ ਚਿੱਠੀ ਜਾਰੀ ਕਰ ਕੇ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਧੋਖਾਦੇਹੀ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਪੁਲਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਦਿਵਾਇਆ ਜਾਵੇਗਾ। ਸੂਬੇ 'ਚ ਵਿੱਤੀ ਕੰਪਨੀਆਂ ਦੀ ਜਨਤਾ ਨਾਲ ਧੋਖਾਦੇਹੀ ਵਧਣ ਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਕੈਬਨਿਟ ਨੇ ਵੀ ਧੋਖੇਬਾਜ਼ਾਂ ਕੋਲੋਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਿਧਾਨ ਸਭਾ 'ਚ ਨਵਾਂ ਬਿੱਲ ਲਿਆਉਣ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੁਝ ਸਮੇਂ ਤੋਂ ਕਈ ਪ੍ਰਾਈਵੇਟ ਕੰਪਨੀਆਂ ਖੁੱਲ੍ਹ ਗਈਆਂ ਹਨ, ਜੋ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਉਨ੍ਹਾਂ ਦਾ ਪੈਸਾ ਪਹਿਲਾਂ ਤਾਂ ਆਪਣੇ ਕੋਲ ਜਮ੍ਹਾ ਕਰਵਾਉਂਦੀਆਂ ਹਨ ਅਤੇ ਬਾਅਦ 'ਚ ਸਕੀਮ ਅਨੁਸਾਰ ਪੈਸੇ ਵਾਪਸ ਨਹੀਂ ਕੀਤੇ ਜਾਂਦੇ। ਭੋਲੇ-ਭਾਲੇ ਲੋਕ ਆਪਣੀ ਪੂਰੀ ਕਮਾਈ ਇਨ੍ਹਾਂ ਕੰਪਨੀਆਂ ਕੋਲ ਵੱਧ ਵਿਆਜ ਦੇ ਲਾਲਚ 'ਚ ਜਮ੍ਹਾ ਕਰਵਾ ਦਿੰਦੇ ਹਨ। ਬਾਅਦ 'ਚ ਪੀੜਤ ਲੋਕਾਂ ਨੂੰ ਨਿਆਂ ਲਈ ਇਧਰ-ਉਧਰ ਭਟਕਣਾ ਪੈਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ ਤਾਂ ਫਰਜ਼ੀ ਕੰਪਨੀਆਂ ਪੈਸਾ ਇਕੱਠਾ ਕਰਨ ਤੋਂ ਬਾਅਦ ਫਰਾਰ ਵੀ ਹੋ ਜਾਂਦੀਆਂ ਹਨ। ਅਜਿਹੇ ਕੇਸਾਂ ਦੀ ਗਿਣਤੀ ਵੀ ਕਾਫੀ ਵੱਧ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਵਿਧਾਨ ਸਭਾ 'ਚ ਜਮ੍ਹਾ ਕਰਨ ਵਾਲਿਆਂ ਦੇ ਹਿੱਤਾਂ ਦੀ ਰੱਖਿਆ ਲਈ ਇਕ ਨਵਾਂ ਬਿੱਲ ਲਿਆਂਦਾ ਜਾਵੇਗਾ, ਜਿਸ ਵਿਚ ਬੇਗੁਨਾਹ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਜ਼ਿਕਰ ਹੋਵੇਗਾ ਅਤੇ ਨਵਾਂ ਕਾਨੂੰਨ ਬਣਨ ਤੋਂ ਬਾਅਦ ਅਜਿਹੀਆਂ ਫਰਜ਼ੀ ਕੰਪਨੀਆਂ ਲਈ ਲੋਕਾਂ ਨਾਲ ਧੋਖਾਦੇਹੀ ਕਰਨੀ ਆਸਾਨ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲਿਆਂ 'ਚ ਪੁਲਸ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਿਸੇ ਵੀ ਬੱਚਤਕਰਤਾ ਦੀ ਕਮਾਈ ਨੂੰ ਫਰਜ਼ੀ ਕੰਪਨੀਆਂ ਠੱਗ ਨਾ ਸਕਣ। ਸਰਕਾਰ ਵੀ ਅਜਿਹੇ ਮਾਮਲਿਆਂ 'ਤੇ ਖੁਦ ਨਜ਼ਰ ਰੱਖੇਗੀ।
