ਵਿਧਾਇਕ ਢਿੱਲੋਂ ਨੇ 116 ਪੰਚਾਇਤਾਂ ਨੂੰ ਸੌਂਪੇ 1 ਕਰੋੜ, 40 ਲੱਖ ਗ੍ਰਾਂਟਾਂ ਦੇ ਚੈੱਕ
Friday, Jan 03, 2020 - 02:13 PM (IST)
ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਮਾਛੀਵਾੜਾ ਬਲਾਕ ਦੀਆਂ 116 ਪੰਚਾਇਤਾਂ ਨੂੰ 1 ਕਰੋੜ, 40 ਲੱਖ ਰੁਪਏ ਦੀਆਂ ਗ੍ਰਾਂਟਾ ਦੇ ਚੈੱਕ ਸੌਂਪੇ। ਇਸ ਮੌਕੇ ਉਨ੍ਹਾਂ ਨਾਲ ਐਸ. ਡੀ. ਐਮ ਸਮਰਾਲਾ ਗੀਤਿਕਾ ਸਿੰਘ ਵੀ ਮੌਜੂਦ ਸਨ। ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਪੰਚਾਇਤਾਂ ਨੂੰ 14ਵੇਂ ਵਿੱਤ ਕਮਿਸ਼ਨ ਤਹਿਤ ਗ੍ਰਾਂਟਾ ਦੇ ਚੈੱਕ ਸੌਂਪਦਿਆਂ ਵਿਧਾਇਕ ਢਿੱਲੋਂ ਨੇ ਆਪਣੇ ਸੰਬੋਧਨ 'ਚਕਿਹਾ ਕਿ ਉਨ੍ਹਾਂ ਵਲੋਂ ਬਿਨ੍ਹਾਂ ਪੱਖਪਾਤ ਤੋਂ ਚਾਹੇ ਪਿੰਡ ਦੀ ਪੰਚਾਇਤ ਕਾਂਗਰਸ ਜਾਂ ਅਕਾਲੀ ਦਲ ਸਮਰਥਕ ਹੈ ਹਰੇਕ ਨੂੰ ਅਬਾਦੀ ਦੇ ਹਿਸਾਬ ਨਾਲ ਗ੍ਰਾਂਟ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਚਾਇਤਾਂ ਵੀ ਪਿੰਡ 'ਚ ਪਾਰਟੀ ਪੱਧਰ ਤੋਂ ਉਪਰ ਉਠ ਕੇ ਜੋ ਪਹਿਲ ਦੇ ਅਧਾਰ 'ਤੇ ਹੋਣ ਵਾਲੇ ਕਾਰਜ਼ ਹਨ ਉਹ ਗ੍ਰਾਂਟਾ ਦੀ ਵਰਤੋ ਕਰ ਕਰਵਾਏ ਜਾਣ। ਵਿਧਾਇਕ ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਮੈਂਬਰ ਪਾਰਲੀਮੈਂਟ ਦੇ ਕੋਟੇ 'ਚੋਂ ਵੀ ਹਲਕਾ ਸਮਰਾਲਾ ਦੇ ਪਿੰਡਾਂ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਦਿੱਤੇ ਜਾਣਗੇ ਇਸ ਲਈ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਐਸ.ਡੀ.ਐਮ ਗੀਤਿਕਾ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੁਧਿਆਣਾ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਹਨ ਮਗਨਰੇਗਾ ਯੋਜਨਾ ਤਹਿਤ ਅਤੇ ਗ੍ਰਾਂਟਾ ਨਾਲ ਜੋ ਪਿੰਡਾਂ 'ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਸ ਦੀ ਪ੍ਰਸਾਸ਼ਨਿਕ ਅਧਿਕਾਰੀ ਅਚਨਚੇਤ ਚੈਕਿੰਗ ਕਰਨਗੇ ਅਤੇ ਜੇਕਰ ਕੀਤੇ ਗਏ ਕੰਮਾਂ 'ਚ ਕੋਈ ਘਪਲੇਬਾਜ਼ੀ ਜਾਂ ਘਟੀਆ ਮੈਟੀਰੀਅਲ ਸਾਹਮਣੇ ਆਇਆ ਤਾਂ ਸਬੰਧਿਤ ਅਧਿਕਾਰੀਆਂ ਤੇ ਪੰਚਾਇਤ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪਿੰਡਾਂ 'ਚ ਪੰਚਾਇਤਾਂ ਤੇ ਅਧਿਕਾਰੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਸਰਕਾਰ ਵਲੋਂ ਭੇਜੇ ਫੰਡਾਂ ਦੀ ਸਹੀ ਵਰਤੋ ਕਰਨ।