ਪੰਜਾਬ ਦਾ ਇਕ ਅਜਿਹਾ ਪਿੰਡ ਜਿੱਥੇ 1983 ਤੋਂ ਬਾਅਦ ਨਹੀਂ ਪਈਆਂ ਪੰਚਾਇਤੀ ਵੋਟਾਂ

12/17/2018 11:30:48 AM

ਅਮਲੋਹ (ਗਰਗ) -  ਮਿਸਾਲ ਕਾਇਮ ਕਰਦੇ ਹੋਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਹਰੀਪੁਰ  ਦੇ ਵਸਨੀਕਾਂ ਵਲੋਂਂ  ਲਗਾਤਾਰ ਛੇਵੀਂ ਵਾਰ ਸਰਬਸੰਮਤੀ ਨਾਲ ਨਗਰ ਪੰਚਾਇਤ ਦੀ ਚੋਣ ਕੀਤੀ  ਗਈ। ਵਰਨਣਯੋਗ ਹੈ ਕਿ ਇਸ ਪਿੰਡ 'ਚ 1983 'ਚ  ਪੰਚਾਇਤੀ ਵੋਟਾਂ ਪਈਆਂ ਸਨ ਪਰ ਉਸ ਤੋਂ  ਬਾਅਦ  ਹਰ ਸਾਲ ਪਿੰਡ ਦੇ ਸੂਝਵਾਨ ਵਿਅਕਤੀਆਂ ਵਲੋਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰ ਲਈ ਜਾਂਦੀ ਹੈ। ਅਮਲੋਹ ਤੋਂ ਸਿਰਫ ਡੇਢ ਕਿਲੋਮੀਟਰ ਦੀ ਦੂਰੀ 'ਤੇ ਵਸੇ ਇਸ ਪਿੰਡ ਦੇ ਬਹੁਤੇ ਲੋਕੀ ਪੜ੍ਹੇ ਲਿਖੇ ਹਨ ਤੇ ਖੇਤੀਬਾੜੀ ਦੇ ਨਾਲ ਵਪਾਰਕ ਕਾਰੋਬਾਰ ਵੀ ਕਰਦੇ ਹਨ। ਪਿੰਡ ਦੀ ਖਾਸ ਗੱਲ ਇਹ ਹੈ ਕਿ ਪਿੰਡ 'ਚ  ਪੰਚਾਇਤ ਦੀ ਨਿੱਜੀ ਆਮਦਨ ਕੋਈ ਖਾਸ ਨਾ ਹੋਣ ਦੇ ਬਾਵਜੂਦ ਪਿੰਡ 'ਚ ਸਾਰੀਆਂ ਸਹੂਲਤਾ ਉਪਲਬਧ ਹਨ ਤੇ ਪਿੰਡ 'ਚ  ਸਾਫ-ਸਫਾਈ ਇੰਨੀ ਜ਼ਿਆਦਾ ਹੈ ਕਿ ਪਿੰਡ ਦੀ ਫਿਰਨੀ 'ਤੇ ਵੀ ਕਿਧਰੇ ਵੀ ਕੋਈ ਗੰਦਗੀ ਦਿਖਾਈ ਨਹੀਂ ਦਿੰਦੀ।ਇਸ ਪਿੰਡ 'ਚ  'ਕਾਰਜਸ਼ੀਲ ਸਿਰਜਣਾ ਵੈੱਲਫੇਅਰ ਕਲੱਬ' ਜਿਸ ਦੇ ਆਹੁਦੇਦਾਰਾਂ ਵਲੋਂ ਪਹਿਲ ਕਰਦੇ ਹੋਏ ਇਸ ਵਾਰ  ਫਿਰ ਪਿੰਡ ਦੇ ਮੋਹਤਬਰਾਂ ਨੂੰ ਸੰਮਤੀ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ, ਦੇ ਸਕੱਤਰ  ਰਿਪੁਦਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਗਰ ਦੇ ਕਿਸੇ ਵੀ ਵਸਨੀਕ ਦੇ ਖਿਲਾਫ ਅੱਜ ਤੱਕ  ਕੋਈ ਵੀ ਲੜਾਈ-ਝਗੜੇ ਦਾ ਕੇਸ ਦਰਜ ਨਹੀਂ ਹੋਇਆ। 

ਪਿੰਡ ਦੇ ਹੀ ਇਕ ਸੀਨੀਅਰ ਸਿਟੀਜ਼ਨ ਰਿਟਾਇਰ  ਪ੍ਰਿੰਸੀਪਲ ਜ਼ੋਰਾ ਸਿੰਘ ਨੇ ਦੱਸਿਆ ਕਿ ਪਿੰਡ 'ਚ  ਭਾਈਚਾਰਕ ਸਾਂਝ ਇੰਨੀ ਮਜ਼ਬੂਤ ਹੈ ਕਿ  ਵੱਖੋ-ਵੱਖ ਰਾਜਸੀ ਪਾਰਟੀਆਂ ਨਾਲ  ਸਬੰਧਿਤ ਹੋਣ ਦੇ ਬਾਵਜੂਦ ਵੋਟਾਂ ਦੌਰਾਨ ਲੋਕ ਇਕੱਠੇ ਹੀ  ਪੋਲਿੰਗ ਬੂਥ ਲਗਾ ਲੈਂਦੇ ਹਨ ਤੇ ਇਕ-ਦੂਜੇ ਨਾਲ ਰਾਬਤਾ ਚੋਣ ਪ੍ਰਚਾਰ ਦੌਰਾਨ ਵੀ ਕਾਇਮ  ਰਹਿੰਦਾ ਹੈ। ਇਸ ਪਿੰਡ ਦੀ ਇਕ ਖਾਸੀਅਤ ਇਹ ਵੀ ਹੈ ਕਿ ਪਿੰਡ 'ਚ  ਜਾਤ-ਪਾਤ ਤੇ ਊਚ-ਨੀਚ ਦਾ  ਵਿਤਕਰਾ ਬਿਲਕੁਲ ਨਹੀਂ ਹੈ, ਜਿਸ ਕਾਰਨ ਪਿੰਡ ਸਭ ਦਾ ਸਾਂਝਾ ਇਕ ਹੀ ਗੁਰਦੁਆਰਾ ਹੈ ਤੇ ਇਕ  ਹੀ ਸਮਸ਼ਾਨਘਾਟ ਹੈ, ਜਿਸ 'ਚ  ਸਾਰੀਆਂ ਜਾਤੀਆਂ ਦੇ ਲੋਕ ਸਸਕਾਰ ਕਰਦੇ ਹਨ। 

ਅੱਜ ਹੋਈ ਸਰਬਸੰਮਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਵਿੱਤ ਮੰਤਰੀ ਕੈਪਟਨ ਕੰਵਲਜੀਤ ਦੇ ਪੀ. ਏ. ਜ਼ੋਰਾ  ਸਿੰਘ ਗਿੱਲ ਨੇ ਦੱਸਿਆ ਕਿ ਇਸ ਵਾਰ ਸਰਪੰਚੀ ਦਾ ਅਹੁਦਾ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂ  ਹੋਣ ਕਾਰਨ ਉਨ੍ਹਾਂ ਦੇ ਪਿੰਡ ਦੇ ਮੋਹਤਬਰਾਂ ਨੇ ਇਸ ਸ਼੍ਰੇਣੀ ਦੇ ਲੋਕਾਂ ਨੂੰ ਸਰਪੰਚ ਚੁਣਨ  ਲਈ ਇਕ ਦਿਨ ਪਹਿਲਾਂ ਕਿਹਾ ਸੀ ਤੇ ਅੱਜ ਦੁਪਹਿਰ ਤੱਕ ਉਨ੍ਹਾਂ ਨੇ ਆਪਣੇ ਵਲੋਂ ਲਏ ਗਏ  ਫੈਸਲੇ ਸਬੰਧੀ ਜਾਣਕਾਰੀ ਦੇ ਦਿੱਤੀ, ਜਿਸ 'ਤੇ ਸਿਰਫ ਇਕ ਘੰਟੇ ਦੇ ਨੋਟਿਸ 'ਤੇ ਸਮੂਹ ਨਗਰ  ਨਿਵਾਸੀਆਂ ਦੀ ਪਿੰਡ ਦੇ ਪੰਚਾਇਤ ਘਰ 'ਚ  ਮੀਟਿੰਗ ਬੁਲਾਈ, ਜਿਸ 'ਚ  ਸਿਰਫ 15 ਮਿੰਟਾ 'ਚ   ਸਾਰੇ ਮੈਂਬਰਾਂ ਦੀ ਚੋਣ ਕਰ ਲਈ ਗਈ।

ਵਰਣਨਯੋਗ ਹੈ ਇਸ ਪਿੰਡ ਦੇ ਲਗਭਗ ਸਵਾ ਪੰਜ ਸੌ  ਵੋਟਰ ਹਨ, ਜਿਨ੍ਹਾਂ ਨੂੰ ਪੰਜ ਵਾਰਡਾਂ 'ਚ  ਵੰਡਿਆ ਹੋਇਆ ਹੈ। ਹੋਈ ਇਸ ਚੋਣ 'ਚ  ਬਲਜਿੰਦਰ  ਕੌਰ ਨੂੰ ਸਰਪੰਚ, ਵਾਰਡ ਨੰ. 1 ਜਿਹੜਾ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਹੈ 'ਚੋਂ ਗੁਰਮੇਲ ਸਿੰਘ ਘੋਲਾ, ਵਾਰਡ ਨੰ. 2 ਤੇ 3 ਜਿਹੜੇ ਜਨਰਲ ਇਸਤਰੀਆਂ ਲਈ ਰਾਖਵੇਂ ਸਨ  'ਚ ਕ੍ਰਮਵਾਰ ਕਰਮਜੀਤ ਕੌਰ ਤੇ ਰਾਜ ਰਾਣੀ, ਵਾਰਡ ਨੰ. 4 ਤੇ 5 ਜਿਹੜੇ ਜਨਰਲ  ਹਨ 'ਚ ਗੁਰਦੀਪ ਸਿੰਘ ਤੇ ਬਲਜਿੰਦਰ ਸਿੰਘ ਮੈਂਬਰ ਚੁਣ ਲਏ ਗਏ। 

ਇਸ ਮੌਕੇ ਪਿੰਡ ਦੇ  ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ  ਕੀਤੀ ਕਿ ਉਹ ਹੋਈ ਇਸ ਚੋਣ ਤੋਂ  ਬਾਅਦ ਨਸ਼ਿਆਂ ਤੋਂ  ਪੂਰਨ ਤੌਰ 'ਤੇ ਗੁਰੇਜ਼ ਕਰਨ ਤੇ ਉਨ੍ਹਾਂ  ਦੱਸਿਆ ਕਿ ਉਹ ਜਲਦੀ ਹੀ ਹੋਈ ਇਸ ਸੰਮਤੀ ਦੀ ਖੁਸ਼ੀ 'ਚ  ਪਿੰਡ 'ਚ  ਸ੍ਰੀ ਅਖੰਡ ਪਾਠ ਸਾਹਿਬ  ਜੀ ਦੇ ਭੋਗ ਪਾ ਕੇ ਪਿੰਡ 'ਚ  ਭਾਈਚਾਰਕ ਸਾਂਝ ਬਣੇ ਰਹਿਣ ਲਈ ਅਰਦਾਸ ਕਰਨਗੇ।  


Baljeet Kaur

Content Editor

Related News