ਅਮਿਤ ਸ਼ਾਹ ਦੇ ਬਿਆਨ ''ਤੇ ਪੰਜਾਬ ਵਿਧਾਨ ਸਭਾ ''ਚ ਹੰਗਾਮਾ! ਨਿੰਦਾ ਪ੍ਰਤਸਾਵ ਲਿਆਉਣ ਦੀ ਮੰਗ
Monday, Mar 24, 2025 - 03:49 PM (IST)

ਚੰਡੀਗੜ੍ਹ (ਵੈੱਬ ਡੈਸਕ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਗੈਰ ਦਿੱਤੇ ਗਏ ਬਿਆਨ ਦੇ ਮਾਮਲੇ ਨੂੰ ਤੂਲ ਫੜਿਆ ਹੋਇਆ ਹੈ। ਅੱਜ ਪੰਜਾਬ ਦੀ ਵਿਧਾਨ ਸਭਾ ਵਿਚ ਵੀ ਇਸ ਮੁੱਦੇ 'ਤੇ ਕਾਫ਼ੀ ਹੰਗਾਮਾ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - 26 ਤੇ 27 ਮਾਰਚ ਨੂੰ ਲੈ ਕੇ ਪੰਜਾਬ ਦੇ ਮੌਸਮ ਬਾਰੇ ਵਿਭਾਗ ਦੀ ਭਵਿੱਖਬਾਣੀ
ਦਰਅਸਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿਚ ਆਖਿਆ ਸੀ ਕਿ ਕੁਝ ਲੋਕ ਪੰਜਾਬ ਵਿਚ ਭਿਡਰਾਂਵਾਲਾ ਬਣਨਾ ਚਾਹੁੰਦੇ ਸੀ, ਪਰ ਅਸੀਂ ਉਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿਚ ਭੇਜ ਦਿੱਤਾ, ਜਿੱਥੇ ਉਹ ਸ਼ਾਂਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਦਾ ਹਵਾਲਾ ਦਿੰਦਿਆਂ ਆਖ਼ਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਜੇਲ੍ਹ ਦੇ ਕਿਸੇ ਸੈੱਲ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤੇ ਬਗੈਰ ਪਾਠ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਊਸ ਨੂੰ ਇਸ ਚੀਜ਼ ਦਾ ਨੋਟਿਸ ਲੈਣ ਦੀ ਲੋੜ ਹੈ। ਬਾਜਵਾ ਨੇ ਕਿਹਾ ਕਿ ਜੇ ਕਿਸੇ ਨੂੰ ਕਿਸੇ ਧਰਮ ਦੀਆਂ ਧਾਰਮਿਕ ਮਾਨਤਾਵਾਂ ਬਾਰੇ ਨਹੀਂ ਪਤਾ, ਤਾਂ ਉਸ ਨੂੰ ਉਸ ਬਾਰੇ ਨਹੀਂ ਬੋਲਣਾ ਚਾਹੀਦਾ। ਬਾਜਵਾ ਨੇ ਕਿਹਾ ਕਿ ਇਹ ਇਤਰਾਜ਼ਯੋਗ ਗੱਲ ਹੈ ਤੇ ਵਿਧਾਨ ਸਭਾ ਵਿਚ ਇਸ ਬਾਰੇ ਨਿੰਦਾ ਪ੍ਰਸਤਾਵ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਬਾਰੇ ਕਿਹਾ ਕਿ ਰਾਜਨੀਤਕ ਭਾਸ਼ਣਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਂ ਬਹੁਤ ਸੋਚ ਸਮਝ ਕੇ ਲਿਆਉਣਾ ਚਾਹੀਦਾ ਹੈ। ਇਸ ਬਾਰੇ ਧਾਰਮਿਕ ਮਾਮਲਿਆਂ ਦੇ ਮਾਹਿਰਾਂ ਤੋਂ ਰਾਏ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਉਸ ਨੂੰ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ਼ ਸਿੱਖਾਂ ਦੇ ਹੀ ਗੁਰੂ ਨਹੀਂ ਸਗੋਂ ਸਾਰਿਆਂ ਦੇ ਸਾਂਝੇ ਹਨ, ਉਨ੍ਹਾਂ ਦਾ ਸਨਮਾਨ ਬਹਾਲ ਰੱਖਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ ਰਾਸ਼ਨ ਕਾਰਡ! ਵਿਧਾਨ ਸਭਾ 'ਚ ਬੋਲੇ ਕੈਬਨਿਟ ਮੰਤਰੀ
ਇਸ 'ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉੱਠ ਕੇ ਕਿਹਾ ਕਿ ਬਾਜਵਾ ਸਾਹਿਬ ਪੰਜਾਬ ਦੇ ਵਾਤਾਵਰਣ ਨੂੰ ਖ਼ਰਾਬ ਨਾ ਕਰਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਭਟਕਾ ਕੇ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਤੋੜ ਕੇ ਬੁਲਡੋਜ਼ਰ ਚਲਾਏ, ਉਹ ਅੱਜ ਸਮਾਜ ਨੂੰ ਗਿਆਨ ਨਾ ਦੇਣ। ਕੋਈ ਵੀ ਅਜਿਹੀ ਗੱਲ ਮੂੰਹ ਵਿਚੋਂ ਨਾ ਕੱਢੀ ਜਾਵੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਬਿਆਨ ਪਿੱਛੇ ਬੱਸ ਇਹੋ ਭਾਵਨਾ ਸੀ ਕਿ ਇਸ ਕਾਰਵਾਈ ਨਾਲ ਪੰਜਾਬ ਜਿਹੜੀ ਰਾਹ ਵੱਲ ਵੱਧ ਰਿਹਾ ਸੀ, ਉਹ ਰੁਕ ਗਿਆ।
ਇਸ 'ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਸ਼ਵਨੀ ਸ਼ਰਮਾ ਨੂੰ ਕਿਹਾ ਕਿ ਜਿਹੜੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਪਤਾ, ਉਨ੍ਹਾਂ ਨੂੰ ਦੱਸ ਦਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਜਨੀਤੀ ਤੋਂ ਉੱਪਰ ਰੱਖਿਆ ਜਾਵੇ, ਤੇ ਰਾਜਨੀਤਕ ਭਾਸ਼ਣਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਬਹੁਤ ਸੋਚ ਸਮਝ ਕੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ (ਅਮਿਤ ਸ਼ਾਹ) ਕਿਸੇ ਹੋਰ ਤਰੀਕੇ ਨਾਲ ਵੀ ਇਹ ਗੱਲ ਕਰ ਸਕਦੇ ਸਨ। ਸੰਧਵਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8