ਅਮਰੀਕਾ ਭੇਜਣ ਦੇ ਨਾਮ ’ਤੇ 40 ਲੱਖ ਦੀ ਠੱਗੀ, ਹਰਿਆਣਆ ਤੋਂ ਕਾਬੂ ਹੋਇਆ ਏਜੰਟ

Tuesday, Sep 13, 2022 - 05:58 PM (IST)

ਅਮਰੀਕਾ ਭੇਜਣ ਦੇ ਨਾਮ ’ਤੇ 40 ਲੱਖ ਦੀ ਠੱਗੀ, ਹਰਿਆਣਆ ਤੋਂ ਕਾਬੂ ਹੋਇਆ ਏਜੰਟ

ਬੰਗਾ (ਚਮਨ ਲਾਲ/ ਰਾਕੇਸ਼) : ਥਾਣਾ ਸਦਰ ਪੁਲਸ ਬੰਗਾ ਵੱਲੋਂ ਸਾਲ 2019 ਵਿਚ ਵਿਦੇਸ਼ ਭੇਜਣ ਦੇ ਮਾਮਲੇ ਵਿਚ ਤਿੰਨ ਨਾਮਜ਼ਦ ਟਰੈਵਲ ਏਜੰਟਾਂ ਵੱਲੋਂ ਮਾਰੀ 40 ਲੱਖ ਦੀ ਠੱਗੀ ਦੇ ਦੋਸ਼ਾ ਤਹਿਤ ਦਰਜ ਮਾਮਲੇ ਵਿਚ ਇਕ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਵਿਜੈ ਕੁਮਾਰ ਨੇ ਦੱਸਿਆ ਕਿ ਸਾਲ 2021 ਵਿਚ ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਪਿੰਡ ਸਰਹਾਲ ਕਾਜ਼ੀਆ ਨਿਵਾਸੀ ਕਮਲਜੀਤ ਕੌਰ ਪਤਨੀ ਬਲਵੀਰ ਸਿੰਘ ਨੇ ਇਕ ਸ਼ਿਕਾਇਤ ਦਿੱਤੀ ਸੀ, ਉਸ ਦਾ ਪਤੀ ਬਾਹਰ ਸੈਟਲ ਹੋਣਾ ਚਾਹੁੰਦਾ ਸੀ। ਜਿਸ ਨੂੰ ਲੈਕੇ ਉਨ੍ਹਾਂ ਦੀ ਗੱਲਬਾਤ ਦੋ ਟਰੈਵਲ ਏਜੰਟ ਬਚਿੱਤਰ ਸਿੰਘ ਅਤੇ ਕਾਕਾ ਸਿੰਘ ਨਾਲ ਹੋਈ ।ਜਿਨ੍ਹਾਂ ਨੇ ਉਸ ਦੇ ਪਤੀ ਨੂੰ ਬਾਹਰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 40 ਲੱਖ ਦੀ ਠੱਗੀ ਮਾਰ ਕੇ ਉਸ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2019 ਵਿਚ ਨੂੰ ਉਸਦੇ ਪਤੀ ਬਲਵੀਰ ਸਿੰਘ ਨੂੰ ਉਕਤ ਏਜੰਟਾ ਵੱਲੋਂ ਵੱਖ ਵੱਖ ਰੂਟਾਂ ਰਾਹੀ ਅਮਰੀਕਾ ਪਹੁੰਚਾਉਣ ਨੂੰ ਲੈ ਕੇ 40 ਲੱਖ ਦਾ ਸੌਦਾ ਤੈਅ ਹੋਇਆ। ਉਸ ਉਪੰਰਤ ਦੋਵਾਂ ਏਜੰਟਾ ਵੱਲੋਂ ਉਸਦੇ ਪਤੀ ਨੂੰ 23 ਜੁਲਾਈ 2019 ਨੂੰ ਵੱਖ-ਵੱਖ ਰੂਟਾਂ ਰਾਹੀਂ ਅਮਰੀਕਾ ਭੇਜਣ ਲਈ ਫਲਾਈਟ ਕਰਵਾਈ ਅਤੇ ਨਵੰਬਰ 2019 ਵਿਚ ਉਸ ਦਾ ਸੰਪਰਕ ਆਪਣੇ ਪਤੀ ਨਾਲੋਂ ਟੁੱਟ ਗਿਆ। 

ਉਸ ਨੇ ਦੱਸਿਆ ਕਿ ਉਸ ਦੇ ਵਾਰ-ਵਾਰ ਫੋਨ ਕਰਨ ਤੋਂ ਬਾਅਦ ਉਸ ਦਾ ਸੰਪਰਕ ਜਦੋਂ ਉਸਦੇ ਪਤੀ ਨਾਲ ਨਾ ਹੋਇਆ ਤਾਂ ਉਸ ਨੇ ਉਕਤ ਏਜੰਟਾਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਵੀ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਜਦਕਿ ਇਹ ਦੋਵੇਂ ਏਜੰਟ ਜਾਣਦੇ ਹਨ ਕਿ ਉਸ ਦਾ ਪਤੀ ਕਿਸ ਹਾਲ ਵਿਚ ਕਿੱਥੇ ਹੈ ਪਰ ਦੱਸ ਨਹੀਂ ਰਹੇ। ਉਕਤ ਨੇ ਦੱਸਿਆ ਕਿ ਉਕਤ ਏਜੰਟਾਂ ਜਿਨ੍ਹਾਂ ਨੇ ਉਨ੍ਹਾਂ ਪਾਸੋਂ ਅਤੇ ਉਸਦੇ ਕਰੀਬੀਆਂ ਵੱਲੋਂ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਬੈਂਕਾ ਅਤੇ ਵੈਸਟਰਨ ਯੂਨੀਅਨ ਰਾਹੀਂ 40 ਲੱਖ ਲੈ ਕੇ ਉਸ ਦੇ ਪਤੀ ਨਾਲ ਧੋਖਾ ਕੀਤਾ ਹੈ ਅਤੇ ਉਸ ਨੂੰ ਵਿਦੇਸ਼ ਵੀ ਨਹੀਂ ਪੁਹੰਚਾਇਆ। 

ਇਸ ਸ਼ਿਕਾਇਤ ’ਤੇ ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਉਕਤ ਮਾਮਲੇ ਦੀ ਜਾਂਚ ਪੜਤਾਲ ਕਰਨ ਉਪੰਰਤ ਇਹ ਗੱਲ ਸਾਹਮਣੇ ਆਈ ਕਿ ਏਜੰਟ ਬਚਿੱਤਰ ਸਿੰਘ ਅਤੇ ਕਾਕਾ ਸਿੰਘ ਅਤੇ ਬਚਿੱਤਰ ਸਿੰਘ ਦਾ ਜਵਾਈ ਹਰਸ਼ਦੀਪ ਪੁੱਤਰ ਸਤਨਾਮ ਸਿੰਘ ਤਿੰਨਾਂ ਵੱਲੋਂ ਬਲਵੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸਰਹਾਲ ਕਾਜ਼ੀਆ ਨਾਲ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾ ਕੀਤਾ ਹੈ, ਜਿਸ ’ਤੇ ਉਨ੍ਹਾਂ ਖਿਲਾਫ 420 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਉਕਤ ਏਜੰਟ ਕਾਬੂ ਨਹੀਂ ਆਏ। ਉਨ੍ਹਾਂ ਦੱਸਿਆ ਉਕਤ ਦੀ ਭਾਲ ਵਿਚ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਸੀ। ਜਿਸ ਦੇ ਚੱਲਦੇ ਕੱਲ ਮਿਤੀ 12 ਸਤੰਬਰ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਬਚਿੱਤਰ ਸਿੰਘ ਨੂੰ ਪਿੰਡ ਅਰਨੋਲੀ ਗੋਹਲਾ, ਕੈਥਲ (ਹਰਿਆਣਾ) ਤੋਂ ਕਾਬੂ ਕਰ ਲਿਆ ਗਿਆ। ਜਿਸ ਨੂੰ ਅੱਜ ਡਾਕਟਰੀ ਜਾਂਚ ਉਪਰੰਤ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਇਸ ਦੇ ਬਾਕੀ ਦੇ ਦੋ ਸਾਥੀ ਕਾਕਾ ਸਿੰਘ ਤੇ ਹਰਸ਼ਦੀਪ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਤੇ ਜਲਦ ਹੀ ਇੰਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News