...ਤੇ ਹੁਣ ''ਐਂਬੂਲੈਂਸ'' ਸਮੇਤ ਸਰਕਾਰੀ ਗੱਡੀਆਂ ਦੀ ਵੀ ਹੋਵੇਗੀ ਚੈਕਿੰਗ
Friday, Apr 19, 2019 - 05:05 AM (IST)

ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੁਣ ਸੜਕਾਂ 'ਤੇ ਐਂਬੂਲੈਂਸਾਂ ਅਤੇ ਸਰਕਾਰੀ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਦਿੱਲੀ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੀਆਂ ਵੋਲਵੋ ਬੱਸਾਂ ਅਤੇ ਟਰੱਕਾਂ ਦੀ ਚੈਕਿੰਗ ਅਚਨਚੇਤ ਨਾਕੇ ਲਾ ਕੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਇਨ੍ਹਾਂ ਨਾਕਿਆਂ 'ਤੇ ਲਾਏ ਜਾਣ ਅਤੇ ਵੱਖ-ਵੱਖ ਇਨਸਫੋਰਸਮੈਂਟ ਏਜੰਸੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੋਣਾਂ ਪਾਰਦਰਸ਼ੀ ਅਤੇ ਬਿਨਾ ਕਿਸੇ ਡਰ-ਭੈਅ ਦੇ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਟਰਾਂਜੈਕਸ਼ਨਾਂ, ਗੈਰ ਕਾਨੂੰਨੀ ਤੌਰ 'ਤੇ ਲਿਆਂਦੀ ਜਾ ਰਹੀ ਨਕਦੀ 'ਤੇ ਨਿਗਾਹ ਰੱਖੀ ਜਾਵੇ ਕਿਉਂਕਿ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਦੀ ਸਭ ਤੋਂ ਜ਼ਿਆਦਾ ਵਰਤੋਂ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਕਿਸੇ ਵੀ ਧਾਰਮਿਕ ਸਥਾਨ ਦੀ ਵਰਤੋਂ ਚੋਣ ਪ੍ਰਚਾਰ ਲਈ ਨਾ ਕਰ ਦਿੱਤੀ ਜਾਵੇ।