ਅੰਬਾਨੀ ਨੇ ਖੁਦ ਹੀ ਪੂੰਜੀਪਤੀਆਂ ਤੇ ਮੋਦੀ ਸਰਕਾਰ ਦਾ ਗਠਜੋੜ ਕੀਤਾ ਬੇਨਕਾਬ : ਜਾਖੜ
Thursday, Aug 23, 2018 - 07:07 AM (IST)

ਚੰਡੀਗੜ੍ਹ, (ਭੁੱਲਰ)- ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਅਨਿਲ ਅੰਬਾਨੀ ਨੇ ਪੂੰਜੀਪਤੀਆਂ ਤੇ ਮੋਦੀ ਸਰਕਾਰ ਦੇ ਗਠਜੋੜ ਨੂੰ ਖੁਦ ਹੀ ਬੇਨਕਾਬ ਕਰ ਦਿੱਤਾ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਮੌਜੂਦਗੀ 'ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਟਾਏ। ਜ਼ਿਕਰਯੋਗ ਹੈ ਕਿ ਰਾਫੇਲ ਲੜਾਕੂ ਜਹਾਜ਼ ਦੇ ਸੌਦੇ 'ਚ ਘਪਲੇ ਦੇ ਦੋਸ਼ਾਂ ਨੂੰ ਲੈ ਕੇ ਅੰਬਾਨੀ ਵੱਲੋਂ ਜਾਖੜ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦੇ ਸਬੰਧ ਵਿਚ ਇਹ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੇ ਕਾਨੂੰਨੀ ਨੋਟਿਸਾਂ ਤੋਂ ਡਰਨ ਵਾਲੀ ਨਹੀਂ ਤੇ ਭਵਿੱਖ ਵਿਚ ਵੀ ਰਾਫੇਲ ਸੌਦੇ ਵਿਚ ਹੋਏ ਵੱਡੇ ਰੱਖਿਆ ਘਪਲੇ ਦੇ ਖਿਲਾਫ਼ ਮੁਹਿੰਮ ਜਾਰੀ ਰੱਖੀ ਜਾਵੇਗੀ ।
ਜਾਖੜ ਨੇ ਦੱਸਿਆ ਕਿ ਇਹ ਕਾਨੂੰਨੀ ਨੋਟਿਸ ਉਨ੍ਹਾਂ ਸਮੇਤ ਕਈ ਹੋਰ ਪ੍ਰਮੁੱਖ ਆਗੂਆਂ ਨੂੰ ਲੋਕ ਸਭਾ ਦੇ ਅੰਦਰ ਤੇ ਬਾਹਰ ਰਾਫੇਲ ਘਪਲੇ ਦੇ ਮੁੱਦੇ ਨੂੰ ਉਠਾਉਣ ਕਾਰਨ ਅਨਿਲ ਅੰਬਾਨੀ ਵਲੋਂ ਭੇਜਿਆ ਗਿਆ ਹੈ, ਕਿਉਂਕਿ ਇਹ ਰੱਖਿਆ ਸੌਦਾ ਅੰਬਾਨੀ ਦੀ ਕੰਪਨੀ ਰਾਹੀਂ ਹੀ ਫਰਾਂਸ ਨਾਲ ਕੀਤਾ ਗਿਆ ਸੀ। ਜਾਖੜ ਨੇ ਕਿਹਾ ਕਿ ਅੰਬਾਨੀ ਵੱਲੋਂ ਇਹ ਨੋਟਿਸ ਭੇਜੇ ਜਾਣ ਤੋਂ ਪੂਰੀ ਤਰ੍ਹਾਂ ਸਾਬਿਤ ਹੋ ਗਿਆ ਹੈ ਕਿ ਮੋਦੀ ਸਰਕਾਰ ਪੂੰਜੀਪਤੀਆਂ ਨਾਲ ਮਿਲ ਕੇ ਹੀ ਕੰਮ ਕਰ ਰਹੀ ਹੈ। ਇਸ ਸਰਕਾਰ ਵਿਚ ਵਿੱਤ ਵਿਭਾਗ ਸਮੇਤ ਹੋਰ ਅਹਿਮ ਅਹੁਦੇ ਜਿਥੇ ਪੂੰਜੀਪਤੀਆਂ ਕੋਲ ਹਨ, ਹੁਣ ਉਥੇ ਰੱਖਿਆ ਮੰਤਰੀ ਦੀ ਵੀ ਰਾਫੇਲ ਘਪਲਾ ਸਾਹਮਣੇ ਆਉਣ ਤੋਂ ਬਾਅਦ ਪੂੰਜੀਪਤੀਆਂ ਨਾਲ ਸਾਂਝ ਸਾਹਮਣੇ ਆ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਾਨੂੰਨੀ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਜਵਾਬ ਅੰਬਾਨੀ ਨੂੰ ਟਵੀਟ ਕਰਕੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਨੋਟਿਸ ਸਿਰਫ਼ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਜਾਰੀ ਕੀਤੇ ਗਏ ਹਨ ਪਰ ਇਹ ਆਵਾਜ਼ ਨਹੀਂ ਦੱਬੇਗੀ। ਮੋਦੀ ਸਰਕਾਰ ਨੂੰ ਇਸ ਮਾਮਲੇ ਵਿਚ ਲੋਕਾਂ ਨੂੰ ਇਕ ਦਿਨ ਜਵਾਬ ਜ਼ਰੂਰ ਦੇਣ ਲਈ ਮਜਬੂਰ ਕੀਤਾ ਜਾਵੇਗਾ ।