ਐਮੇਜ਼ਾਨ ਨੇ ਲਿਆ ਵੱਡਾ ਫੈਸਲਾ, ਹੋਲਸੇਲਰਸ ਨਹੀਂ ਵੇਚ ਸਕਣਗੇ ਸਾਮਾਨ
Friday, Mar 08, 2019 - 08:31 PM (IST)
ਜਲੰਧਰ— ਦੁਨੀਆ ਦੀ ਮਸ਼ਹੂਰ ਈ-ਕਾਮਰਸ ਕੰਪਨੀ ਐਮੇਜ਼ਾਨ ਨੇ ਆਪਣੇ ਪਲੇਟਫਾਰਮ ਉੱਤੇ ਹੋਲਸੇਲਰਸ ਦੇ ਸਾਮਾਨ ਨੂੰ ਵੇਚਣਾ ਬੰਦ ਕਰ ਦਿੱਤਾ ਹੈ। ਕੰਪਨੀ ਨੇ ਵੈਂਡਰਸ ਨੂੰ ਕਿਹਾ ਹੈ ਕਿ ਉਹ ਐਮੇਜ਼ਾਨ ਉੱਤੇ ਸਾਮਾਨ ਵੇਚਣ ਦੀ ਬਜਾਏ ਸਿੱਧਾ ਖਪਤਕਾਰ ਨੂੰ ਸਾਮਾਨ ਵੇਚਣ। ਐਮੇਜ਼ਾਨ ਦੇ ਇਸ ਕਦਮ ਤੋਂ ਬਾਅਦ ਉਨ੍ਹਾਂ ਲੱਖਾਂ ਥੋਕ ਵਿਕਰੇਤਾਵਾਂ ਦੇ ਸਾਹਮਣੇ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਜਿਨ੍ਹਾਂ ਲੋਕਾਂ ਨੇ ਫੈਕਟਰੀਆਂ ਅਤੇ ਹੋਰ ਥਾਵਾਂ ਉੱਤੇ ਸਾਮਾਨ ਵੇਚਣ ਦੀ ਵੱਡੀ ਡੀਲ ਕੀਤੀ ਹੋਈ ਸੀ ਅਤੇ ਆਪਣੇ ਕੋਲ ਭਾਰੀ ਮਾਤਰਾ ਵਿਚ ਸਾਮਾਨ ਰੱਖਿਆ ਹੋਇਆ ਸੀ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਕੰਪਨੀ ਦੇ 2018 ਦੇ ਵਿੱਤੀ ਸਾਲ ਦੀ ਚੌਥੀ ਤੀਮਾਹੀ ਦੀ ਗਰੋਥ ਦੇ ਅੰਕੜਿਆਂ ਤੋਂ ਬਾਅਦ ਉਕਤ ਫੈਸਲਾ ਲਿਆ ਗਿਆ ਹੈ। ਕੰਪਨੀ ਦੀ 2018 ਦੀ ਗਰੋਥ 12.5 ਫ਼ੀਸਦੀ ਰਹੀ ਹੈ ਜਦੋਂ ਕਿ 2017 'ਚ ਗਰੋਥ 19.7 ਫ਼ੀਸਦੀ ਸੀ। ਕੰਪਨੀ ਆਪਣੇ ਪਲੇਟਫਾਰਮ ਉੱਤੇ ਥੋਕ ਵਿਕਰੇਤਾਵਾਂ ਨੂੰ ਸਾਮਾਨ ਵੇਚਣ ਦਾ ਮੌਕਾ ਦਿੰਦੀ ਹੈ ਜਿਸ ਦੇ ਬਦਲੇ ਵਿਚ ਕੰਪਨੀ ਕਮੀਸ਼ਨ ਦਾ ਇੱਕ ਹਿੱਸਾ ਚਾਰਜ ਕਰਦੀ ਹੈ। ਇਸ ਥਰਡ ਪਾਰਟੀ ਸਰਵਿਸ ਨਾਲ ਕੰਪਨੀ ਨੂੰ ਇਸ ਸਾਲ 13.4 ਬਿਲੀਅਨ ਡਾਲਰ ਦਾ ਮਾਲੀਆ ਹਾਸਲ ਹੋਇਆ ਸੀ ਪਰ ਇਸ ਮਾਲੀਏ ਦੀ ਰਫ਼ਤਾਰ ਮੱਠੀ ਹੋਣ ਕਾਰਨ ਕੰਪਨੀ ਨੇ ਇਹ ਫੈਸਲਾ ਲਿਆ ਹੈ। ਕੰਪਨੀ ਆਪਣਾ ਪ੍ਰਾਇਵੇਟ ਲੇਬਲ ਬਰਾਂਡ ਸਥਾਪਤ ਕਰਨ ਵਿਚ ਬਹੁਤ ਨਿਵੇਸ਼ ਕਰ ਰਹੀ ਹੈ ਲਿਹਾਜਾ ਥਰਡ ਪਾਰਟੀ ਸਰਵਿਸ ਨੂੰ ਬੰਦ ਕੀਤਾ ਜਾ ਰਿਹਾ ਹੈ।
ਕੰਪਨੀ ਦੀ ਇਸ ਬਦਲੀ ਰਣਨੀਤੀ ਦਾ ਉਨ੍ਹਾਂ ਲੱਖਾਂ ਥੋਕ ਵਿਕਰੇਤਾਵਾਂ ਨੂੰ ਨੁਕਸਾਨ ਹੋ ਰਿਹਾ ਹੈ ਜੋ ਆਪਣਾ ਸਾਮਾਨ ਵੇਚਣ ਲਈ ਐਮੇਜ਼ਾਨ ਉੱਤੇ ਹੀ ਨਿਰਭਰ ਸਨ। ਇਨ੍ਹਾਂ ਲੋਕਾਂ ਨੇ ਫੈਕਟਰੀਆਂ ਤੋਂ ਕਰੋੜਾਂ ਡਾਲਰ ਦਾ ਸਾਮਾਨ ਖਰੀਦਿਆ ਹੋਇਆ ਸੀ ਅਤੇ ਇਨ੍ਹਾਂ ਕੋਲ ਭਾਰੀ ਸਟਾਕ ਪਿਆ ਹੋਇਆ ਹੈ ਪਰ ਹੁਣ ਇਹ ਸਟਾਕ ਕੰਪਨੀਆਂ ਨੂੰ ਸਿੱਧਾ ਖਪਤਕਾਰਾਂ ਨੂੰ ਵੇਚਣਾ ਪਵੇਗਾ ਕਿਉਂਕਿ ਐਮੇਜ਼ਾਨ ਨੇ ਬਿਨਾਂ ਕਿਸੇ ਨੋਟਿਸ ਇਹ ਸਾਮਾਨ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ।