ਜਲੰਧਰ ’ਚ ਪੰਜਾਬ ਰੋਡਵੇਜ਼ ਦੇ 2 ਅਹਿਮ ਡਿਪੂ ਪਰ ਟਰਾਂਸਪੋਰਟ ਮੰਤਰੀ ਨੇ ਜਾਣਾ ਨਹੀਂ ਸਮਝਿਆ ਉਚਿਤ

Monday, Nov 15, 2021 - 05:19 AM (IST)

ਜਲੰਧਰ (ਪੁਨੀਤ)- ਮੈਡੀਕਲ ਅਤੇ ਸਿੱਖਿਆ ਦੇ ਖੇਤਰ ਵਿਚ ਉਪਲੱਬਧੀਆਂ ਕਾਰਨ ਜਲੰਧਰ ਦਾ ਨਾਂ ਪੰਜਾਬ ਦੇ ਮੋਹਰੀ ਸ਼ਹਿਰਾਂ ਦੀ ਸੂਚੀ ਵਿਚ ਆਉਂਦਾ ਹੈ। ਜਲੰਧਰ ਨੂੰ ਮੀਡੀਆ ਹੱਬ ਵੀ ਕਿਹਾ ਜਾਂਦਾ ਹੈ, ਇਸ ਲਈ ਰਾਜਨੀਤਿਕ ਪਾਰਟੀਆਂ ਅਤੇ ਸੀਨੀਅਰ ਆਗੂ ਜਲੰਧਰ ਵਿਚ ਪ੍ਰੈੱਸ ਕਾਨਫ਼ਰੰਸ ਕਰਨ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਉਥੇ ਹੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਹਾਨਗਰ ਵਿਚ ਪੰਜਾਬ ਰੋਡਵੇਜ਼ ਦੇ ਅਹਿਮ ਡਿਪੂ ਹੋਣ ਦੇ ਬਾਵਜੂਦ ਉਥੇ ਜਾਣਾ ਉਚਿਤ ਨਹੀਂ ਸਮਝਿਆ। ਇਨ੍ਹਾਂ 2 ਅਹਿਮ ਡਿਪੂਆਂ ਦੇ ਹੋਣ ਕਾਰਨ ਵੀ ਜਲੰਧਰ ਸ਼ਹਿਰ ਟਰਾਂਸਪੋਰਟ ਮਹਿਕਮੇ ਲਈ ਅਹਿਮ ਹੈ ਪਰ ਰਾਜਾ ਵੜਿੰਗ ਨੇ ਜਲੰਧਰ ਵਿਚ ਚੱਲ ਰਹੀ ਕਾਰਜਪ੍ਰਣਾਲੀ ਨੂੰ ਨੇੜਿਓਂ ਵੇਖਿਆ ਤਕ ਨਹੀਂ।

ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ, ਅੰਮ੍ਰਿਤਸਰ ਸਮੇਤ ਕਈ ਅਹਿਮ ਬੱਸ ਅੱਡਿਆਂ ਵਿਚ ਜਾ ਕੇ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਰਸਤੇ ਵਿਚ ਕਈ ਥਾਵਾਂ ’ਤੇ ਗੱਡੀਆਂ ਨੂੰ ਰੁਕਵਾ ਕੇ ਵੀ ਕਈ ਬੱਸਾਂ ਨੂੰ ਜ਼ਬਤ ਕੀਤਾ, ਜਿਸ ਕਾਰਨ ਉਹ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ਟੀਮ ਬੇਹੱਦ ਐਕਟਿਵ ਰਹਿੰਦੀ ਹੈ ਅਤੇ ਹਰੇਕ ਕਾਰਵਾਈ ਨੂੰ ਲਗਾਤਾਰ ਫੇਸਬੁੱਕ ਆਦਿ ’ਤੇ ਲਾਈਵ ਚਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮੀਡੀਆ ਪਰਸਨ ਵੀ ਉਨ੍ਹਾਂ ਦੀ ਕਾਰਵਾਈ ਦੌਰਾਨ ਮੌਜੂਦ ਰਹਿੰਦੇ ਹਨ। ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਜੇਕਰ ਕੋਈ ਸੁਰਖੀਆਂ ਬਟੋਰ ਰਿਹਾ ਹੈ ਤਾਂ ਉਨ੍ਹਾਂ ਵਿਚ ਰਾਜਾ ਵੜਿੰਗ ਦਾ ਨਾਂ ਟਾਪ ’ਤੇ ਆਉਂਦਾ ਹੈ।

ਇਹ ਵੀ ਪੜ੍ਹੋ: ਸਾਦਗੀ ਕਾਰਨ ਮੁੜ ਚਰਚਾ 'ਚ CM ਚੰਨੀ, ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਲਈ ਸਰਕਾਰੀ ਨਿਵਾਸ ’ਤੇ ਕਰਵਾਈ ਲੰਗਰ ਦੀ ਵਿਵਸਥਾ

ਬੀਤੇ ਦਿਨੀਂ ਰਾਜਾ ਵੜਿੰਗ ਨੇ ਰਾਤ 12 ਵਜੇ ਦੇ ਕਰੀਬ ਮੋਹਾਲੀ ਨੇੜੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਉਹ ਫੇਸਬੁੱਕ ’ਤੇ ਲਾਈਵ ਸਨ, ਜਿਨ੍ਹਾਂ ਨੂੰ ਵੇਖਣ ਵਾਲਿਆਂ ਦੀ ਗਿਣਤੀ ਬੇਹੱਦ ਜ਼ਿਆਦਾ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਇੰਨਾ ਐਕਟਿਵ ਰਹਿਣ ਦੇ ਬਾਵਜੂਦ ਰਾਜਾ ਵੜਿੰਗ ਨੇ ਜਲੰਧਰ ਰੋਡਵੇਜ਼ ਦੇ ਡਿਪੂਆਂ ਤੋਂ ਦੂਰੀ ਕਿਉਂ ਬਣਾਈ ਰੱਖੀ।
ਰਾਜਾ ਵੜਿੰਗ ਨੇ ਐਤਵਾਰ ਜਲੰਧਰ ਆਉਣਾ ਸੀ, ਜਿਸ ਬਾਰੇ ਸ਼ਨੀਵਾਰ ਸ਼ਾਮ ਨੂੰ ਪ੍ਰੋਗਰਾਮ ਫਾਈਨਲ ਹੋ ਚੁੱਕਾ ਸੀ। ਇਸ ਕਾਰਨ ਸ਼ਨੀਵਾਰ ਦੁਪਹਿਰ ਤੋਂ ਹੀ ਜਲੰਧਰ ਦੇ ਬੱਸ ਅੱਡੇ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਐਤਵਾਰ ਸਵੇਰ ਤੱਕ ਬੱਸ ਅੱਡੇ ਨੂੰ ਚਮਕਾਇਆ ਜਾ ਚੁੱਕਾ ਸੀ। ਹਰ ਪਾਸੇ ਸਾਫ਼-ਸਫ਼ਾਈ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਵੇਖਣ ਵਾਲੀ ਅਹਿਮ ਗੱਲ ਸੀ ਕਿ ਬੱਸ ਅੱਡੇ ਦੇ ਨੇੜੇ-ਤੇੜੇ ਆਮ ਤੌਰ ’ਤੇ ਨਜ਼ਰ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਰਾਜਾ ਵੜਿੰਗ ਕਿਸੇ ਦਿਨ ਅਚਾਨਕ ਜਲੰਧਰ ਦੇ ਪੀ. ਏ. ਪੀ. ਚੌਂਕ ਕੋਲ ਜਾ ਕੇ ਚੈਕਿੰਗ ਕਰਵਾ ਲੈਣ ਤਾਂ ਉਨ੍ਹਾਂ ਨੂੰ ਵੱਡੀ ਸਫ਼ਲਤਾ ਮਿਲ ਸਕਦੀ ਹੈ।

ਸਵੇਰੇ 6 ਵਜੇ ਹੀ ਅਧਿਕਾਰੀ ਹੋ ਚੁੱਕੇ ਸਨ ਐਕਟਿਵ
ਉਥੇ ਹੀ, ਰਾਜਾ ਵੜਿੰਗ ਦੇ ਜਲੰਧਰ ਆਉਣ ਦੇ ਪ੍ਰੋਗਰਾਮ ਬਾਰੇ ਪਤਾ ਹੋਣ ਕਾਰਨ ਅਧਿਕਾਰੀਆਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਬੱਸ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਵੱਲੋਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਬੱਸ ਅੱਡੇ ਵਿਚ ਸਾਫ਼-ਸਫ਼ਾਈ ਕਰਵਾ ਕੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਸਨ। ਅਧਿਕਾਰੀ ਸਵੇਰੇ 6 ਵਜੇ ਦੇ ਲਗਭਗ ਬੱਸ ਅੱਡੇ ਵਿਚ ਐਕਟਿਵ ਹੋ ਗਏ ਸਨ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ 'ਚ ਸੇਵਾ ਕਰਦੇ ਵਿਅਕਤੀ ਨੂੰ ਮੌਤ ਨੇ ਪਾਇਆ ਘੇਰਾ, ਪਲਾਂ 'ਚ ਛਾ ਗਈ ਸੋਗ ਦੀ ਲਹਿਰ

ਰਾਜਾ ਵੜਿੰਗ ਨੂੰ ਸ਼ਿਕਾਇਤ ਕਰਨ ਦਾ ਯੂਨੀਅਨ ਦਾ ਪ੍ਰੋਗਰਾਮ ਰਹਿ ਗਿਆ ਧਰਿਆ-ਧਰਾਇਆ
ਉਥੇ ਹੀ, ਪਨਬੱਸ ਅਤੇ ਪੀ. ਆਰ. ਟੀ. ਸੀ. ਯੂਨੀਅਨ ਵੱਲੋਂ ਅੱਜ ਰਾਜਾ ਵੜਿੰਗ ਨੂੰ ਮਿਲਣ ਦੀ ਯੋਜਨਾ ਬਣਾਈ ਗਈ ਸੀ। ਉਹ ਬੱਸ ਅੱਡੇ ਵਿਚ ਉਡੀਕ ਕਰ ਰਹੇ ਸਨ ਤਾਂ ਜੋ ਪੀ. ਏ. ਪੀ. ਚੌਂਕ ਅਤੇ ਹੋਰਨਾਂ ਥਾਵਾਂ ਤੋਂ ਚੱਲਣ ਵਾਲੀ ਬੱਸਾਂ ਦੇ ਸਬੰਧ ਵਿਚ ਸ਼ਿਕਾਇਤ ਕੀਤੀ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਇਸ ਸੰਬਧ ਵਿਚ ਜਦੋਂ ਉਹ ਰਾਜਾ ਵੜਿੰਗ ਦੇ ਬੀ. ਐੱਮ. ਸੀ. ਚੌਂਕ ਸਥਿਤ ਚੱਲ ਰਹੇ ਪ੍ਰੋਗਰਾਮ ਦੌਰਾਨ ਜਾਣਾ ਚਾਹੁੰਦੇ ਸਨ ਤਾਂ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਉਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਕਾਰਨ ਉਹ ਬੱਸ ਅੱਡੇ ਵਿਚ ਹੀ ਉਡੀਕ ਕਰਦੇ ਰਹੇ। ਲੰਮੇ ਸਮੇਂ ਤੱਕ ਉਡੀਕ ਕਰਨ ਤੋਂ ਬਾਅਦ ਯੂਨੀਅਨ ਮੈਂਬਰ ਹੌਲੀ-ਹੌਲੀ ਜਾਣ ਲੱਗੇ ਅਤੇ ਉਡੀਕ ਕਰਨ ਵਾਲੇ ਯੂਨੀਅਨ ਆਗੂ ਰਾਜਾ ਵੜਿੰਗ ਨੂੰ ਨਹੀਂ ਮਿਲ ਸਕੇ।

ਇਹ ਵੀ ਪੜ੍ਹੋ: ਜਲੰਧਰ ਪੁੱਜੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News