ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਜਾਖੜ ਪੁੱਜੇ ਦਿੱਲੀ

03/17/2018 7:25:30 AM

ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦਿੱਲੀ ਪਹੁੰਚ ਗਏ, ਜਿੱਥੇ ਉਨ੍ਹਾਂ ਏ. ਆਈ. ਸੀ. ਸੀ. ਦੇ ਮੁਢਲੇ ਸੈਸ਼ਨ ਦੀ ਬੈਠਕ ਵਿਚ ਹਿੱਸਾ ਲਿਆ। ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਦੋਵੇਂ ਹੀ ਅਗਲੇ 2-3 ਦਿਨਾਂ ਤੱਕ ਹੁਣ ਦਿੱਲੀ ਵਿਚ ਹੀ ਠਹਿਰਨਗੇ, ਕਿਉਂਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਏ. ਆਈ. ਸੀ. ਸੀ. ਦਾ ਸੈਸ਼ਨ 3 ਦਿਨਾਂ ਲਈ ਬੁਲਾਇਆ ਹੈ। ਏ. ਆਈ. ਸੀ. ਸੀ. ਦੇ ਅੱਜ ਮੁਢਲੇ ਸੈਸ਼ਨ ਦੀ ਬੈਠਕ ਵਿਚ ਪੰਜਾਬ ਤੋਂ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹੀ ਹਿੱਸਾ ਲਿਆ ਕਿਉਂਕਿ ਅੱਜ ਸੂਬਾ ਪ੍ਰਧਾਨਾਂ, ਸੀ. ਐੱਲ. ਪੀ. ਆਗੂਆਂ ਤੇ ਮੁੱਖ ਮੰਤਰੀਆਂ ਨੂੰ ਹੀ ਬੈਠਕ ਲਈ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਸਵੇਰੇ ਹੀ ਦਿੱਲੀ ਪਹੁੰਚ ਗਏ ਸਨ, ਜਦੋਂਕਿ ਜਾਖੜ ਪਹਿਲਾਂ ਹੀ ਦਿੱਲੀ ਵਿਚ ਮੌਜੂਦ ਸਨ। ਦੋਵੇਂ ਆਗੂ ਇਕੱਠੇ ਹੀ ਮੁਢਲੀ ਬੈਠਕ ਵਿਚ ਹਿੱਸਾ ਲੈਣ ਲਈ ਗਏ।
ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਏ. ਆਈ. ਸੀ. ਸੀ. ਸੈਸ਼ਨ ਕਾਂਗਰਸ ਲਈ ਕਾਫੀ ਲਾਭਦਾਇਕ ਰਹੇਗਾ ਤੇ ਇਸ ਵਿਚ ਹੋਣ ਵਾਲੀ ਚਰਚਾ ਨਾਲ ਪਾਰਟੀ 2019 ਦੇ ਮਿਸ਼ਨ ਨੂੰ ਆਸਾਨੀ ਨਾਲ ਹਾਸਲ ਕਰ ਲਏਗੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਦੇਸ਼ ਦੇ ਲੋਕਾਂ ਦੇ ਬਦਲੇ ਮੂਡ ਨੂੰ ਵੇਖਦਿਆਂ ਧਰਮ ਨਿਰਪੱਖ ਸ਼ਕਤੀਆਂ ਨੂੰ ਮਜ਼ਬੂਤ ਕੀਤਾ ਜਾਵੇ। ਸੁਨੀਲ ਜਾਖੜ ਨੇ ਕਿਹਾ ਕਿ ਮਿਸ਼ਨ 2019 ਨੂੰ ਫਤਿਹ ਕਰਨ ਲਈ ਜ਼ਰੂਰੀ ਹੈ ਕਿ ਭਾਜਪਾ ਦੇ ਖਿਲਾਫ ਪੂਰੇ ਦੇਸ਼ ਵਿਚ ਇਕ ਮੋਰਚਾ ਖੋਲ੍ਹਿਆ ਜਾਵੇ, ਜਿਸ ਨਾਲ ਬਦਲਾਅ ਦੀ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਬਦਲਾਅ ਦੀ ਲਹਿਰ ਪਹਿਲਾਂ 2017 ਵਿਚ ਪੰਜਾਬ ਵਿਚ ਕਾਂਗਰਸ ਦੀ ਜਿੱਤ ਅਤੇ ਉਸ ਤੋਂ ਬਾਅਦ ਗੁਰਦਾਸਪੁਰ ਉਪ ਚੋਣ ਵਿਚ ਪਾਰਟੀ ਦੀ ਜਿੱਤ ਨਾਲ ਸ਼ੁਰੂ ਹੋਈ ਸੀ।


Related News