ਰਵਾਇਤੀ ਖੇਤੀ ਨੂੰ ਛੱਡ ਬਾਗ਼ਬਾਨੀ ਦੇ ਰਾਹ 'ਤੇ ਤੁਰਿਆ ਪੰਜਾਬ ਦਾ ਇਹ ਨੌਜਵਾਨ, ਕਮਾ ਰਿਹੈ ਚੋਖਾ ਮੁਨਾਫ਼ਾ
Saturday, Jun 10, 2023 - 02:41 PM (IST)

ਨਵਾਂਸ਼ਹਿਰ/ ਬਲਾਚੌਰ (ਤ੍ਰਿਪਾਠੀ/ਕਟਾਰੀਆ)- ਟਕਾਰਲਾ ਦਾ ਨੌਜਵਾਨ ਅਮਨਦੀਪ ਰਵਾਇਤੀ ਖੇਤੀ ਨੂੰ ਛੱਡ ਜੈਵਿਕ ਬਾਗ਼ਬਾਨੀ ਦੇ ਰਾਹ ਤੁਰਿਆ ਹੈ। ਪੋਸਟ ਗ੍ਰੈਜਏਟ ਪੱਧਰ ਤੱਕ ਪੜ੍ਹਾਈ ਕਰਨ ਉਪਰੰਤ ਨੌਕਰੀ ਦੀ ਤਲਾਸ਼ ਕਰਨ ਦੀ ਬਜਾਏ ਇਸ ਕਿਸਾਨ ਨੇ ਬਦਲਵੀਂ ਖੇਤੀ ਦੇ ਕਿੱਤੇ ਨੂੰ ਅਪਣਾਉਣ ਨੂੰ ਤਰਜ਼ੀਹ ਦਿੱਤੀ। ਇਸ ਉਤਸ਼ਾਹੀ ਬਾਗ਼ਬਾਨ/ਕਿਸਾਨ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਨਿਰਦੇਸ਼ਕ ਬਾਗ਼ਬਾਨੀ, ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਨੌਜਵਾਨ ਨੇ ਬਾਗ਼ਬਾਨੀ ਵਿਭਾਗ ਦੇ ਸੰਪਰਕ ’ਚ ਆਉਣ ਅਤੇ ਪ੍ਰੇਰਨਾ ਲੈਣ ਉਪਰੰਤ ਸਾਲ 2019 ’ਚ 3 ਏਕੜ ਰਕਬੇ ’ਚ ਆੜੂ ਦਾ ਬਾਗ ਲਗਾਇਆ। ਉਸ ਦੀ ਕਾਮਯਾਬੀ ਤੋਂ ਬਾਅਦ 3 ਏਕੜ ਹੋਰ ਰਕਬੇ ’ਚ ਅਮਰੂਦ ਦਾ ਬਾਗ ਲਗਾਇਆ। ਪਾਣੀ ਦੀ ਬੱਚਤ ਕਰਨ ਲਈ ਸਾਰੇ ਬਾਗ ’ਚ ਤੁਪਕਾਂ ਸਿੰਚਾਈ ਪ੍ਰਣਾਲੀ ਲਗਾਈ ਗਈ।
ਇਹ ਵੀ ਪੜ੍ਹੋ : ਬਾਜ਼ਾਰ 'ਚ ਮੰਦੀ ਦੀ ਮਾਰ, ਹੁਣ ਇਹ ਕੰਪਨੀ ਕਰੀਬ 1000 ਮੁਲਾਜ਼ਮਾਂ ਨੂੰ ਕੱਢਣ ਦੀ ਰੌਂਅ 'ਚ
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਮਨਦੀਪ ਨੇ ਦੱਸਿਆ ਕਿ ਖਪਤਕਾਰ ਨੂੰ ਸ਼ੁੱਧ ਮਿਆਰੀ ਫਲ ਦੇਣ ਦੇ ਮੰਤਵ ਨਾਲ ਬਾਗ਼ ’ਚ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਬਾਗ਼ ’ਚ ਦੇਸੀ ਰੂੜੀ ਖਾਦ ਅਤੇ ਹੋਰ ਜੈਵਿਕ (ਆਰਗੈਨਿਕ) ਉਤਪਾਦਾਂ ਦੀ ਵਰਤੋਂ ਨਾਲ ਸੁਰੱਖਿਅਤ ਵਿਧੀ ਨਾਲ ਕਾਸ਼ਤ ਕੀਤੀ ਜਾਂਦੀ ਹੈ। ਉਸ ਨੇ ਇਸ ਮੰਤਵ ਲਈ ਆਪਣੇ ਫਾਰਮ ’ਤੇ ਵਰਮੀ ਕੰਪੋਸਟ ਦਾ ਯੂਨਿਟ ਵੀ ਲਗਾਇਆ ਹੈ। ਉਸ ਨੇ ਦੱਸਿਆ ਕਿ ਬਾਗ਼ਬਾਨੀ ਦੇ ਨਾਲ-ਨਾਲ ਉਹ ਗੰਢੇ, ਲੱਸਣ ਅਤੇ ਹੋਰ ਸਬਜ਼ੀਆਂ ਦੀ ਆਰਗੈਨਿਕ ਕਾਸ਼ਤ ਵੀ ਕਰਦਾ ਹੈ। ਉਹ ਆਪਣੇ ਪੈਦਾ ਕੀਤੇ ਫ਼ਲ ਅਤੇ ਸਬਜ਼ੀਆਂ ਦਾ ਖੁਦ ਮੰਡੀਕਰਨ ਕਰਦਾ ਹੈ ਅਤੇ ਪ੍ਰਤੀ ਏਕੜ ਰਵਾਇਤੀ ਖੇਤੀ ਨਾਲੋਂ ਵੱਧ ਮੁਨਾਫ਼ਾ ਕਮਾ ਰਿਹਾ ਹੈ।
ਇਹ ਵੀ ਪੜ੍ਹੋ : ਵਿਸਤਾਰਾ ਇਸ ਸਾਲ ਬੇੜੇ ’ਚ ਸ਼ਾਮਲ ਕਰੇਗੀ 10 ਜਹਾਜ਼, 1000 ਤੋਂ ਵੱਧ ਲੋਕਾਂ ਦੀ ਹੋਵੇਗੀ ਭਰਤੀ
ਉਸ ਦਾ ਕਹਿਣਾ ਹੈ ਕਿ ਆਰਗੈਨਿਕ ਉਪਜ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਫਲਾਂ ਹੇਠ ਹੋਰ ਰਕਬਾ ਲਿਆਉਣ ਦੀ ਤਜ਼ਵੀਜ਼ ਵੀ ਹੈ। ਅਮਨਦੀਪ ਨੇ ਬਾਗ਼ਬਾਨੀ ਵਿਭਾਗ ਦੀ ਪ੍ਰੇਰਨਾ ਸਦਕਾ ਇਸ ਸਾਲ ਆਪਣੇ ਆੜੂ ਦੇ ਫ਼ਲ ਦੀ ਪੀ.ਏ.ਯੂ. ਲੁਧਿਆਣਾ ਤੋਂ ਪ੍ਰੋਸੈਸਿੰਗ ਉਪਰੰਤ ਸ਼ੁੱਧ ਸੁਕੈਸ਼ ਬਣਾ ਕੇ ਮਾਰਕੀਟਿੰਗ ਵੀ ਸ਼ੁਰੂ ਕੀਤੀ। ਇਸ ਤਜ਼ਰਬੇ ਤੋਂ ਉਤਸ਼ਾਹਿਤ ਹੋ ਕੇ ਉਹ ਆਪਣੇ ਫਾਰਮ ’ਤੇ ਛੋਟਾ ਪ੍ਰੋਸੈਸਿੰਗ ਯੂਨਿਟ ਵੀ ਲਗਾਉਣ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਉਹ ਅਮਰੂਦ ਦਾ ਫ਼ਲ ਲਵੇਗਾ ਅਤੇ ਉਸ ਦੇ ਮੰਡੀਕਰਨ ਦੇ ਨਾਲ-ਨਾਲ ਉਸ ਦਾ ਸੁਕੈਸ਼ ਵੀ ਤਿਆਰ ਕਰਵਾਏਗਾ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ
ਅਮਦੀਪ ਆਪਣੀ 19 ਏਕੜ ਜ਼ਮੀਨ ਵਿੱਚ ਆਪਣੇ ਤਰੀਕੇ ਨਾਲ ਬਾਗ਼ਬਾਨੀ, ਪਾਪੂਲਰ ਇੰਟਰਕ੍ਰੋਪਿੰਗ ਜਿਸ ’ਚ ਕਣਕ, ਮਸਰ, ਛੋਲੇ, ਮੂੰਗੀ, ਮਾਂਹ ਸ਼ਾਮਲ ਹੈ, ਤੋਂ ਇਲਾਵਾ ਕੁੱਝ ਏਕੜਾਂ ’ਚ ਮੱਕੀ ਵੀ ਬੀਜਦਾ ਹੈ। ਅਮਨਦੀਪ ਨੇ ਕਿਹਾ ਕਿ ਝੋਨਾ ਉਸ ਨੇ ਕਦੇ ਵੀ ਨਹੀਂ ਬੀਜਿਆ। ਇਸ ਤੋਂ ਇਲਾਵਾ ਜ਼ਮੀਨ ’ਚ ਯੂਰੀਆ ਦੀ ਵਰਤੋਂ ਕਦੇ ਨਹੀਂ ਕੀਤੀ, ਬਲਕਿ ਦਾਲਾਂ ਆਦਿ ਨਾਲ ਹੀ ਨਾਈਟ੍ਰੋਜਨ ਦੀ ਕਮੀ ਨੂੰ ਕੁਦਰਤੀ ਢੰਗ ਨਾਲ ਪੂਰਾ ਕਰ ਲੈਂਦਾ ਹੈ। ਹਾੜ੍ਹੀ ’ਚ ਕਣਕ, ਮਸਰ, ਛੋਲੇ ਅਤੇ ਸਾਉਣੀ ’ਚ ਮੂੰਗੀ, ਮਾਂਹ ਬੀਜਦਾ ਇਹ ਕਿਸਾਨ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣਦਾ ਜਾ ਰਿਹਾ ਹੈ। ਸਹਾਇਕ ਨਿਰਦੇਸ਼ਕ ਬਾਗ਼ਬਾਨੀ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਅਮਨਦੀਪ ਵੱਲੋਂ ਬਾਗ਼ਬਾਨੀ ਮਾਹਿਰਾਂ ਅਤੇ ਖੇਤੀ ਮਾਹਿਰਾਂ ਦੀ ਰਾਏ ਲੈ ਕੇ ਕੀਤੀ ਜਾ ਰਹੀ ਖੇਤੀ ਉਸ ਲਈ ਆਰਥਿਕ ਤੌਰ ’ਤੇ ਰਵਾਇਤੀ ਫ਼ਸਲਾਂ ਨਾਲੋਂ ਵਧੇਰੇ ਫ਼ਾਇਦੇਮੰਦ ਸਾਬਤ ਹੋ ਰਹੀ ਹੈ, ਜਿਸ ਲਈ ਕੰਢੀ ਦੇ ਹੋਰਨਾਂ ਕਿਸਾਨਾਂ ਨੂੰ ਇਸ ਪਾਸੇ ਤੁਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਮੋਦੀ ਸਰਕਾਰ ਵਲੋਂ ਫ਼ਸਲਾਂ ਦੀ MSP 'ਚ ਬੰਪਰ ਵਾਧੇ ਮਗਰੋਂ ਵੀ ਪੰਜਾਬ ਦੇ ਕਿਸਾਨ ਨਾਖ਼ੁਸ਼, ਜਾਣੋ ਕਿਉਂ