2035 ਤੱਕ ਈਂਧਣ ਦੀ 20 ਫ਼ੀਸਦ ਮੰਗ ਨੂੰ ਬਾਇਓਫਿਊਲਜ਼ ਰਾਹੀਂ ਪੂਰਾ ਕਰਨ ਦਾ ਟੀਚਾ : ਅਮਨ ਅਰੋੜਾ

Wednesday, Oct 16, 2024 - 06:08 PM (IST)

2035 ਤੱਕ ਈਂਧਣ ਦੀ 20 ਫ਼ੀਸਦ ਮੰਗ ਨੂੰ ਬਾਇਓਫਿਊਲਜ਼ ਰਾਹੀਂ ਪੂਰਾ ਕਰਨ ਦਾ ਟੀਚਾ : ਅਮਨ ਅਰੋੜਾ

ਚੰਡੀਗੜ੍ਹ : ਪੰਜਾਬ ਨੂੰ ਬਾਇਓਫਿਊਲਜ਼ ਉਤਪਾਦਨ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਨੇ ਬਾਇਓਫਿਊਲਜ਼ ਨੀਤੀ ਤਿਆਰ ਕੀਤੀ ਹੈ, ਜਿਸ ਦਾ ਉਦੇਸ਼ ਸਾਲ 2035 ਤੱਕ ਸੂਬੇ ਦੀ ਸਮੁੱਚੀ ਈਂਧਨ ਮੰਗ ਦੇ 20 ਫ਼ੀਸਦੀ ਨੂੰ ਬਾਇਓਫਿਊਲਜ਼ ਰਾਹੀਂ ਪੂਰਾ ਕਰਨਾ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ "ਬਾਇਓਫਿਊਲਜ਼. ਰੀ-ਇਮੈਜਨਿੰਗ ਇੰਡੀਆ’ਜ਼ ਅਨੈਰਜੀ ਸੈਕਟਰ ਐਂਡ ਸਸਟੇਨਬਿਲਟੀ ਇਨ ਐਗਰੀਕਲਚਰ" ਵਿਸ਼ੇ 'ਤੇ ਕਰਵਾਈ ਗਈ ਰਾਊਂਡ ਟੇਬਲ ਚਰਚਾ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਨੀਤੀ ਦਾ ਉਦੇਸ਼ ਪੰਜਾਬ ਵਿਚ ਫ਼ਸਲੀ ਰਹਿੰਦ-ਖੂੰਹਦ ਤੋਂ ਬਾਇਓਫਿਊਲਜ਼, ਜਿਨ੍ਹਾਂ ਵਿਚ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.), 2ਜੀ ਬਾਇਓ-ਈਥਾਨੌਲ ਅਤੇ ਬਾਇਓਮਾਸ ਪੈਲੇਟਸ ਸ਼ਾਮਲ ਹਨ, ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨੀਤੀ ਤਹਿਤ ਘੱਟੋ-ਘੱਟ 50 ਫ਼ੀਸਦ ਖੇਤੀਬਾੜੀ ਅਤੇ ਹੋਰ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਮਿੱਟੀ ਵਿਚ ਜੈਵਿਕ ਸਮੱਗਰੀ 5 ਫ਼ੀਸਦ ਤੱਕ ਵਧਣ ਦੀ ਉਮੀਦ ਹੈ। ਇਸ ਨਾਲ ਸੂਬੇ ਦੇ ਕਿਸਾਨਾਂ ਨੂੰ ਬਾਇਓਫਿਊਲਜ਼ ਫਸਲਾਂ ਦੀ ਕਾਸ਼ਤ ਅਤੇ ਬਾਇਓਮਾਸ ਦੀ ਵਿਕਰੀ ਨਾਲ ਆਮਦਨ ਦਾ ਵਾਧੂ ਸਰੋਤ ਪੈਦਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਇੱਥੇ ਬਾਇਓਫਿਊਲਜ਼ ਦੇ ਉਤਪਾਦਨ ਦੀਆਂ ਅਥਾਹ ਸੰਭਾਵਨਾਵਾਂ ਹਨ। ਸੂਬੇ ਵਿਚ ਸਾਲਾਨਾ ਲਗਭਗ 20 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ, ਜਿਸ ਵਿਚੋਂ ਮੌਜੂਦਾ ਸਮੇਂ ਲਗਭਗ 12 ਮਿਲੀਅਨ ਟਨ ਪਰਾਲੀ ਦੀ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕੀਤੀ ਜਾਂਦੀ ਹੈ। 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰੋਜੈਕਟ ਪਰਾਲੀ ਸਾੜਨ ਦੀ ਸਮੱਸਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੈ। ਝੋਨੇ ਦੀ ਪਰਾਲੀ ਅਤੇ ਹੋਰ ਖੇਤੀ ਰਹਿੰਦ-ਖੂੰਹਦ ਦੇ ਆਧਾਰ 'ਤੇ ਪੰਜਾਬ ਨੇ ਪ੍ਰਤੀ ਦਿਨ ਲਗਭਗ 720 ਟਨ ਸੀ.ਬੀ.ਜੀ. ਦੀ ਕੁੱਲ ਉਤਪਾਦਨ ਸਮਰੱਥਾ ਵਾਲੇ 58 ਸੀ.ਬੀ.ਜੀ. ਪ੍ਰਾਜੈਕਟ ਅਲਾਟ ਕੀਤੇ ਹਨ। ਇਨ੍ਹਾਂ ਦੇ ਕਾਰਜਸ਼ੀਲ ਹੋਣ 'ਤੇ ਹਰ ਸਾਲ ਲਗਭਗ 24-25 ਲੱਖ ਟਨ ਪਰਾਲੀ ਦੀ ਖ਼ਪਤ ਹੋਵੇਗੀ, ਜਦੋਂਕਿ ਲਗਭਗ 5,000 ਵਿਅਕਤੀਆਂ ਲਈ ਸਿੱਧੇ ਅਤੇ 7,500 ਹੋਰ ਵਿਅਕਤੀਆਂ ਲਈ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

ਸੂਬੇ ਦੇ ਕਿਸਾਨਾਂ, ਉਦਯੋਗਾਂ ਅਤੇ ਹੋਰ ਭਾਈਵਾਲਾਂ ਨੂੰ ਸਰਕਾਰ ਦਾ ਸਾਥ ਦੇਣ ਅਤੇ ਸੁਨਹਿਰੀ ਭਵਿੱਖ ਲਈ ਜੈਵਿਕ ਬਾਲਣ ਪਹਿਲਕਦਮੀਆਂ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਅਮਨ ਅਰੋੜਾ ਨੇ ਪੰਜਾਬ ਵਿਚ ਨਵੀਂ ਹਰੀ ਕ੍ਰਾਂਤੀ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਲਗਾਤਾਰ ਘਟਦੇ ਜਾ ਰਹੇ ਹਨ। ਰਿਵਾਇਤੀ ਈਂਧਨ ਦੇ ਮੁਕਾਬਲੇ ਬਾਇਓਫਿਊਲਜ਼ ਘੱਟ ਗ੍ਰੀਨਹਾਊਸ ਗੈਸਾਂ ਪੈਦਾ ਕਰਦੇ ਹਨ। ਇਸ ਤਰ੍ਹਾਂ ਇਹ ਖੇਤੀਬਾੜੀ ਰਹਿੰਦ-ਖੂੰਹਦ ਨੂੰ ਊਰਜਾ ਵਿਚ ਬਦਲ ਕੇ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਘਟਾ ਕੇ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਕੇ ਆਰਥਿਕਤਾ ਵਿਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਅਤੇ ਰਵਾਇਤੀ ਫ਼ਸਲੀ ਚੱਕਰ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਰਾਹੀਂ ਹੋਰ ਬਦਲਵੀਆਂ ਫ਼ਸਲਾਂ ਦੀ ਖੇਤੀ ਕਰਨ ਲਈ ਵੀ ਉਤਸ਼ਾਹਿਤ ਕੀਤਾ।

ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਉਤਪਾਦਨ ਵਿਚ ਵਿਭਿੰਨਤਾ ਲਿਆ ਕੇ, ਕਿਸਾਨ ਮਿੱਟੀ ਦੀ ਉਪਜਾਊ ਸ਼ਕਤੀ ਤੇ ਉਪਜ ਵਿਚ ਵਾਧਾ ਕਰਨ ਦੇ ਨਾਲ-ਨਾਲ ਟਿਕਾਊ ਖੇਤੀ ਵਿਧੀਆਂ ਨੂੰ ਉਤਸ਼ਾਹਿਤ ਕਰ ਸਕਦੇ ਹਨ ਜੋ ਵਾਤਾਵਰਣ ਅਤੇ ਖੇਤੀਬਾੜੀ ਉਪਜ ਦੋਵਾਂ ਲਈ ਲਾਹੇਵੰਦ ਹੋਣਗੀਆਂ। ਅਮਨ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਦੇ ਕੁੱਲ 85 ਟਨ ਪ੍ਰਤੀ ਦਿਨ ਸਮਰੱਥਾ ਵਾਲੇ 4 ਪ੍ਰਾਜੈਕਟ ਕਾਰਜਸ਼ੀਲ ਹਨ। ਇਸ ਤੋਂ ਇਲਾਵਾ, ਵਿੱਤੀ ਸਾਲ 2024-25 ਵਿਚ 20 ਟੀ.ਪੀ.ਡੀ. ਦੀ ਸਮਰੱਥਾ ਵਾਲਾ 1 ਹੋਰ ਸੀ.ਬੀ.ਜੀ. ਪ੍ਰੋਜੈਕਟ ਸ਼ੁਰੂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਸੀ.ਬੀ.ਜੀ. ਦੀ 59 ਟੀ.ਪੀ.ਡੀ. ਸਮਰੱਥਾ ਵਾਲੇ 6 ਹੋਰ ਪ੍ਰਾਜੈਕਟ ਲਾਂਚ ਕੀਤੇ ਜਾਣਗੇ।


author

Gurminder Singh

Content Editor

Related News