ਆਲਟੋ ਕਾਰ, ਪਿਸਤੌਲ, ਰੌਂਦ ਅਤੇ ਮੋਬਾਈਲ ਫੋਨਾਂ ਸਮੇਤ 3 ਗ੍ਰਿਫ਼ਤਾਰ
Friday, Aug 09, 2024 - 05:06 PM (IST)
ਤਰਨਤਾਰਨ (ਰਮਨ) : ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਸ ਕਰਮਚਾਰੀਆਂ ਨੂੰ ਸਖ਼ਤੀ ਨਾਲ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸੇ ਲੜੀ ਦੇ ਤਹਿਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਪਾਸੋਂ ਇਕ ਆਲਟੋ ਕਾਰ, ਇਕ ਪਿਸਤੌਲ, 3 ਜਿੰਦਾ ਰੌਂਦ, 3 ਮੋਬਾਈਲ ਫੋਨ ਬਰਾਮਦ ਕਰਦੇ ਹੋਏ ਥਾਣਾ ਸਿਟੀ ਤਰਨਤਾਰਨ ਵਿਖੇ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਐੱਸ.ਐੱਸ.ਪੀ ਗੌਰਵ ਤੂਰਾ ਵੱਲੋਂ ਮਿਲੇ ਸਖ਼ਤ ਹੁਕਮਾਂ ਤਹਿਤ ਕਰਮਚਾਰੀਆਂ ਵੱਲੋਂ ਸਖ਼ਤੀ ਨਾਲ ਡਿਊਟੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਦੌਰਾਨੇ ਨਾਕਾਬੰਦੀ ਗੋਇੰਦਵਾਲ ਸਾਹਿਬ ਰੋਡ ਰਾਜਾ ਫੈਮਿਲੀ ਢਾਬਾ ਤੋਂ ਇਕ ਆਲਟੋ ਕਾਰ ਵਿਚ ਮੌਜੂਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਇਕ ਦੇਸੀ ਪਿਸਤੌਲ 315, 3 ਜਿੰਦਾ ਰੌਂਦ, 3 ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਜਿਗਰਪ੍ਰੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਤਲਵੰਡੀ ਮੇਹਰ ਸਿੰਘ, ਮਨ ਪਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਝੁੱਗੀਆਂ ਪੀਰ ਬਖਸ਼ ਅਤੇ ਜੁਗਰਾਜ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਸੀਤੋ ਮਹਿ ਝੁੱਗੀਆਂ ਵਜੋਂ ਹੋਈ ਹੈ, ਜਿਨ੍ਹਾਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਵਿਖੇ ਤਿੰਨਾਂ ਮੁਲਜ਼ਮਾਂ ਖ਼ਿਲਾਫ ਪਰਚਾ ਦਰਜ ਕਰਕੋ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਦੇ ਹੋਏ ਅਗਲੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।