ਆਖਿਰ ਖਤਮ ਹੋਇਆ ਕਾਟੋ-ਕਲੇਸ਼, ਬਣੀ ਰਹੇਗੀ ਤੱਕੜੀ-ਕਮਲ ਦੀ ਜੋੜੀ

Sunday, Feb 03, 2019 - 07:04 PM (IST)

ਆਖਿਰ ਖਤਮ ਹੋਇਆ ਕਾਟੋ-ਕਲੇਸ਼, ਬਣੀ ਰਹੇਗੀ ਤੱਕੜੀ-ਕਮਲ ਦੀ ਜੋੜੀ

ਚੰਡੀਗੜ੍ਹ : ਗੁਰਦੁਆਰਿਆਂ ਦੇ ਪ੍ਰਬੰਧਨ ਵਿਚ ਸਰਕਾਰੀ ਦਖਲ-ਅੰਦਾਜ਼ੀ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਵਿਚਾਲੇ ਪੈਦਾ ਹੋਇਆ ਵਿਵਾਦ ਲਗਭਗ ਖਤਮ ਹੁੰਦਾ ਜਾਪ ਰਿਹਾ ਹੈ। ਪਿਛਲੇ ਕਈ ਦਿਨੀਂ ਤੋਂ ਭਾਜਪਾ ਪ੍ਰਤੀ ਹਮਲਾਵਰ ਰੁੱਖ ਅਪਨਾਈ ਬੈਠੇ ਅਕਾਲੀ ਦਲ ਦੇ ਸੁਰ ਵੀ ਹੁਣ ਨਰਮ ਪੈ ਗਏ ਹਨ। ਐਤਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਤੁੱਟ ਹੈ ਅਤੇ ਲੋਕ ਸਭਾ ਚੋਣਾਂ ਵੀ ਗਠਜੋੜ ਮਿਲ ਕੇ ਹੀ ਲੜੇਗਾ। ਸੁਖਬੀਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਸੀਟਾਂ ਸੰਬੰਧੀ ਵੀ ਦੋਵਾਂ ਧਿਰਾਂ ਵਿਚਾਲੇ ਚਰਚਾ ਹੋ ਰਹੀ ਹੈ ਅਤੇ ਪੰਜਾਬ ਦੀਆਂ 10 ਸੀਟਾਂ 'ਤੇ ਅਕਾਲੀ ਦਲ ਚੋਣ ਲੜੇਗਾ ਜਦਕਿ 3 ਸੀਟਾਂ 'ਤੇ ਭਾਜਪਾ ਵਲੋਂ ਉਮੀਦਵਾਰ ਉਤਾਰਿਆ ਜਾਵੇਗਾ। 

PunjabKesari
ਦੱਸਣਯੋਗ ਹੈ ਕਿ ਗਠਜੋੜ ਵਿਚਾਲੇ ਤਲਖੀ ਭਰੇ ਰਿਸ਼ਤਿਆਂ ਦਰਮਿਆਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਕੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਲਏ ਸਨ। ਆਰ. ਐੱਸ. ਐੱਸ. ਦੀ ਸਹਾਇਕ ਜਥੇਬੰਦੀ ਰਾਸ਼ਟਰੀ ਸਿੱਖ ਸੰਗਗਤ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਅਦਾਰਿਆਂ ਵਿਚ ਕਥਿਤ ਤੌਰ 'ਤੇ ਦਖਲ ਦੇਣ ਕਰਕੇ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਗਠਜੋੜ ਖਤਮ ਕਰਨ ਦੀ ਧਮਕੀ ਦਿੱਤੀ ਸੀ। ਇਹ ਤਣਾਅ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਬੋਰਡ ਨਾਂਦੇੜ ਐਕਟ, 1956 ਦੀ ਧਾਰਾ 11 ਵਿਚ ਸੋਧ ਕਰਨ ਤੋਂ ਬਾਅਦ ਪੈਦਾ ਹੋਇਆ ਸੀ, ਜਿਸ ਤਹਿਤ ਮਹਾਂਰਾਸ਼ਟਰ ਸਰਕਾਰ ਨੂੰ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਵਿਚ ਵਾਧਾ ਕਰਨ ਦੀ ਕੁੱਲ੍ਹ ਮਿਲ ਗਈ ਸੀ। ਇਸ ਸਭ 'ਤੇ ਚਰਚਾ ਲਈ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਸੀ ਜਿਸ ਵਿਚ ਸੁਖਬੀਰ ਨੇ ਕਿਹਾ ਕਿ ਭਾਜਪਾ ਪ੍ਰਧਾਨ ਵਲੋਂ ਉਨ੍ਹਾਂ ਦੀ ਗੱਲ ਮੰਨ ਲਈ ਗਈ ਹੈ ਅਤੇ ਫਿਲਹਾਲ ਗਠਜੋੜ ਵਿਚਾਲੇ ਸਭ ਠੀਕ-ਠਾਕ ਹੈ।


author

Gurminder Singh

Content Editor

Related News