ਭਾਜਪਾ ਨਾਲ ਗਠਜੋੜ ਪੰਜਾਬ ਦੇ ਭਵਿੱਖ ਲਈ ਫਾਇਦੇਮੰਦ ਸਾਬਤ ਹੋਵੇਗਾ : ਢੀਂਡਸਾ

Saturday, Jan 08, 2022 - 05:50 PM (IST)

ਭਾਜਪਾ ਨਾਲ ਗਠਜੋੜ ਪੰਜਾਬ ਦੇ ਭਵਿੱਖ ਲਈ ਫਾਇਦੇਮੰਦ ਸਾਬਤ ਹੋਵੇਗਾ : ਢੀਂਡਸਾ

ਸੰਗਰੂਰ (ਬੇਦੀ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਚੋਣ ਕਮੇਟੀ ਦੇ ਮੈਂਬਰ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਚ ਚੱਲ ਰਹੇ ਟਕਰਾਅ ਨੂੰ ਪੰਜਾਬ ਲਈ ਮੰਦਭਾਗਾ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਨਾਲ ਟਕਰਾਅ ਕਰਕੇ ਕੋਈ ਵੀ ਸੂਬਾ ਅੱਗੇ ਨਹੀਂ ਵੱਧ ਸਕਦਾ। ਉਹ ਇੱਥੇ ਕੇ.ਟੀ. ਰਾਇਲ ਹੋਟਲ ਵਿਖੇ ਪਾਰਟੀ ਦੇ ਵਰਕਰਾਂ ਦੀ ਸਰਕਲ ਪੱਧਰੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਫਿਰੋਜ਼ਪੁਰ ਰੈਲੀ ਅੰਦਰ ਜਾਣ ਲਈ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਆਈਆਂ ਖਾਮੀਆਂ ਉੱਪਰ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸਤ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਟਕਰਾਅ ਕਾਰਨ ਕੇਵਲ ਤੇ ਕੇਵਲ ਪੰਜਾਬ ਦਾ ਨੁਕਸਾਨ ਹੋਇਆ ਹੈ ਕਿਉਂਕਿ ਕਰੋੜਾਂ ਰੁਪਏ ਦੇ ਵੱਡੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣੇ ਸਨ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕਰਨਾ ਸੀ। ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣਾ ਸੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕੁਝ ਦਿਨ ਪਹਿਲਾਂ ਪੰਜਾਬ ਅਤੇ ਸਿੱਖ ਮਸਲਿਆਂ ਸਬੰਧੀ 12 ਮੰਗਾਂ ਦਾ ਚਾਰਟਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕੋਲ ਪੇਸ਼ ਕੀਤਾ ਸੀ, ਜਿਸ ਨੂੰ ਪੂਰਾ ਕਰਨ ਦਾ ਯਕੀਨ ਦਿਵਾਇਆ ਗਿਆ ਸੀ । ਬੇਸ਼ੱਕ ਇਸ ਟਕਰਾਅ ਕਾਰਨ ਹਾਲ ਦੀ ਘੜੀ ਇਹ ਮਸਲੇ ਲਟਕ ਗਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਇਆ ਜਾਵੇਗਾ।

ਢੀਂਡਸਾ ਨੇ ਭਾਜਪਾ ਨਾਲ ਗਠਜੋੜ ਉੱਪਰ ਚਰਚਾ ਕਰਦਿਆਂ ਸਪੱਸ਼ਟ ਕੀਤਾ ਕਿ ਭਾਜਪਾ ਨਾਲ ਗਠਜੋੜ ਪੰਥ ’ਤੇ ਪੰਜਾਬ ਦੇ ਭਲੇ ਲਈ ਕੀਤਾ ਗਿਆ ਹੈ। ਇਹ ਗਠਜੋੜ ਪੰਜਾਬ ਦੇ ਭਵਿੱਖ ਲਈ ਫਾਇਦੇਮੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਸੀ ਭਾਈਚਾਰਿਆਂ ਅੰਦਰ ਦਰਾੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਚਾਰਾਂ ਦਾ ਮਤਭੇਦ ਅਸੀਂ ਦੂਰ ਕਰਾਂਗੇ ਅਤੇ ਸਮਾਜ ਜਾਂ ਭਾਈਚਾਰੇ ’ਤੇ ਇਸਦਾ ਅਸਰ ਨਹੀਂ ਪੈਣ ਦੇਵਾਂਗੇ। ਉਨ੍ਹਾਂ ਕਿਹਾ ਕਿ ਗਠਜੋੜ ਦੇ ਉਮੀਦਵਾਰਾਂ ਦੀ ਚੋਣ ਮੈਰਿਟ ਆਧਾਰ ’ਤੇ ਕੀਤੀ ਜਾਣੀ ਹੈ। ਇਸ ਦਾ ਗਿਣਤੀਆਂ-ਮਿਣਤੀਆਂ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਨਤਾ ਨੂੰ ਕਦੇ ਨਾ ਪੂਰੇ ਹੋਣ ਵਾਲੇ ਵਾਅਦਿਆਂ ਦੇ ਲਾਰੇ ਲਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਅੱਜ ਪੰਜਾਬ ਨੂੰ ਲਾਰਿਆਂ ਦੀ ਰਾਜਨੀਤੀ ਦੀ ਲੋੜ ਨਹੀਂ ।

ਇਸ ਮੌਕੇ ਗੁਰਬਚਨ ਸਿੰਘ ਬਚੀ, ਪਿ੍ਤਪਾਲ ਸਿੰਘ ਹਾਂਡਾ, ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਅਮਨਵੀਰ ਸਿੰਘ ਚੈਰੀ, ਜਸਵਿੰਦਰ ਸਿੰਘ ਪਿ੍ੰਸ, ਕੇਵਲ ਸਿੰਘ ਜਲਾਣ, ਗੁਰਤੇਜ ਸਿੰਘ ਝਨੇੜੀ, ਬੀਬੀ ਚਰਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸੰਯੁਕਤ ਇਸਤਰੀ ਵਿੰਗ, ਵਿਜੈ ਸਾਹਨੀ, ਵਿਜੈ ਲੰਕੇਸ਼, ਕੁਲਦੀਪ ਸਿੰਘ ਐਮ.ਸੀ., ਪਿਆਰਾ ਸਿੰਘ, ਅਮਰਜੀਤ ਸਿੰਘ ਜੀਤ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ |


author

Gurminder Singh

Content Editor

Related News