ਸਾਰੇ ਪਿੰਡ ਦੀਆਂ ਕੁੜੀਆਂ ਨੇ ਸ਼ਹੀਦ ਦੇ ਬੁੱਤ ਨੂੰ ਬੰਨ੍ਹੀਆਂ ਰੱਖੜੀਆਂ, ਕਿਹਾ-ਉਹ ਸਾਡਾ ਭਰਾ ਸੀ
Monday, Aug 03, 2020 - 05:23 PM (IST)
ਮਾਨਸਾ(ਅਮਰਜੀਤ ਸਿੰਘ ਚਾਹਲ) — ਕੋਰੋਨਾ ਆਫ਼ਤ ਵਿਚਕਾਰ ਰੱਖੜੀ ਦਾ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ। ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਬਨਵਾਲੀ ਵਿਚ ਰੱਖੜੀ ਦਾ ਤਿਉਹਾਰ ਸ਼ਹੀਦ ਦੇ ਬੁੱਤ 'ਤੇ ਰੱਖੜੀ ਬੰਨ੍ਹ ਕੇ ਮਨਾਇਆ ਗਿਆ। ਅਸਲ 'ਚ ਮਾਨਸਾ ਪਿੰਡ ਦੀਆਂ ਕੁੜੀਆਂ ਨੇ ਕਿਹਾ ਕਿ ਉਨ੍ਹਾਂ ਦੇ ਸ਼ਹੀਦ ਭਰਾ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਸ ਲਈ ਉਨ੍ਹਾਂ ਦਾ ਅਸਲ ਰੱਖਿਅਕ ਸ਼ਹੀਦ ਮਨਜਿੰਦਰ ਸਿੰਘ ਹੈ। ਜਿਹੜਾ ਕਿ ਦੇਸ਼ ਦੇ ਦੁਸ਼ਮਣਾਂ ਨਾਲ ਦੋ-ਦੋ ਹੱਥ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਇਆ ਸੀ।
ਦੇਸ਼ ਭਰ ਵਿਚ ਰੱਖੜੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਬਨਵਾਲੀ 'ਚ ਇਹ ਤਿਉਹਾਰ ਸ਼ਹੀਦ ਦੀ ਪ੍ਰਤਿਮਾ ਦੀ ਗੁੱਟ 'ਤੇ ਰੱਖੜੀ ਬੰਨ੍ਹ ਕੇ ਮਨਾਇਆ ਗਿਆ। ਪੂਰੇ ਪਿੰਡ ਦੀਆਂ ਕੁੜੀਆਂ ਨੇ ਸ਼ਹੀਦ ਨੂੰ ਰੱਖੜੀਆਂ ਨਾਲ ਲੱਦ ਦਿੱਤਾ। ਇਸ ਭਾਵਨਾਤਮਕ ਦ੍ਰਿਸ਼ ਨੂੰ ਵੇਖਦਿਆਂ ਸਾਰਿਆਂ ਦੀਆਂ ਅੱਖਾਂ 'ਚ ਸ਼ਰਧਾ ਦੇ ਹੰਝੂ ਆ ਗਏ।
ਸ਼ਹੀਦ ਮਨਜਿੰਦਰ ਸਿੰਘ 11 ਜੂਨ, 2015 ਨੂੰ 10 ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਇਸ ਤੋਂ ਬਾਅਦ 14 ਨਵੰਬਰ, 2017 ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਦੇਵਸਰ ਖੇਤਰ ਵਿਚ ਦੁਸ਼ਮਣ ਦੇ ਆਪ੍ਰੇਸ਼ਨ ਆਲ ਆਊਟ ਤਹਿਤ ਦੁਸ਼ਮਨਾਂ ਨਾਲ ਲੋਹਾ ਲੈਂਦੇ ਹੋਏ ਦੇਸ਼ ਲਈ ਸ਼ਹੀਦ ਹੋ ਗਏ ਸਨ। ਪਿੰਡ ਵਾਸੀ ਅੱਜ ਵੀ ਸ਼ਹੀਦ ਮਨਜਿੰਦਰ ਸਿੰਘ ਨੂੰ ਯਾਦ ਕਰਦੇ ਹਨ। ਅੱਜ ਵੀ ਰੱਖੜੀ ਦੇ ਤਿਉਹਾਰ 'ਤੇ ਪਿੰਡ ਦੀਆਂ ਲੜਕੀਆਂ ਨੇ ਆਪਣੇ ਭੈਣ-ਭਰਾਵਾਂ ਦੇ ਪਿਆਰ ਦਾ ਸੰਦੇਸ਼ ਦਿੱਤਾ। ਬੇਸ਼ਕ ਮਨਜਿੰਦਰ ਸਰੀਰਕ ਰੂਪ ਵਿਚ ਸਾਡੇ ਦਰਮਿਆਨ ਨਹੀਂ ਹੈ। ਪਰ ਸ਼ਹੀਦ ਦੇ ਬੁੱਤ 'ਤੇ ਰੱਖੜੀ ਬੰਨਣ ਦਰਮਿਆ ਸਾਰਾ ਮਾਹੌਲ ਭਾਵੁਕ ਹੋ ਗਿਆ। ਕੁੜੀਆਂ ਨੇ ਸ਼ਹੀਦ ਨੂੰ ਰੱਖੜੀ ਬੰਨ੍ਹ ਕੇ ਸੈਲਿਊਟ ਕਰਦੇ ਹੋਏ ਕਿਹਾ ਕਿ 'ਮਨਜਿੰਦਰ ਸਿੰਘ ਸਾਡਾ ਭਰਾ ਸੀ'।