ਕੇਂਦਰ ਦੀ ਸੂਬਾਈ ਮਾਮਲਿਆਂ ’ਚ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ CM ਮਾਨ ਸੱਦਣ ਸਰਬ ਪਾਰਟੀ ਮੀਟਿੰਗ : SAD
Monday, Apr 04, 2022 - 07:50 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਇਕ ਸਰਬ ਪਾਰਟੀ ਮੀਟਿੰਗ ਸੱਦਣ ਤਾਂ ਜੋ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਮਾਮਲਿਆਂ ’ਚ ਕੀਤੀ ਜਾ ਰਹੀ ਬੇਲੋੜੀ ਦਖਲਅੰਦਾਜ਼ੀ ਦਾ ਠੋਕਵਾਂ ਜਵਾਬ ਦਿੱਤਾ ਜਾ ਸਕੇ ਅਤੇ ਹਰਿਆਣਾ ਦੇ ਇਸ਼ਾਰੇ ’ਤੇ ਪੰਜਾਬ ਤੋਂ ਇਸ ਦਾ ਦਰਿਆਈ ਪਾਣੀ ਤੇ ਜ਼ਮੀਨ ਖੋਹਣ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਖਿਲਾਫ ਇਕਜੁੱਟ ਸਟੈਂਡ ਲਿਆ ਜਾ ਸਕੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਕਜੁੱਟ ਮੁਹਾਜ ਪੇਸ਼ ਕਰਨ ’ਚ ਨਾਕਾਮੀ ਹੀ ਅੱਜ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਨੇ ਪੰਜਾਬ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਇਸ ਦੀ ਸਥਾਈ ਮੈਂਬਰੀ ਖੋਹੀ ਸੀ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੀਟਿੰਗ ’ਚ ਇਸ ਦਾ ਜ਼ੋਰਦਾਰ ਵਿਰੋਧ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਕੇਂਦਰ ਦੇ ਹੌਸਲੇ ਹੋਰ ਖੁੱਲ੍ਹ ਗਏ ਤੇ ਉਸ ਨੇ ਚੰਡੀਗੜ੍ਹ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁਲਾਜ਼ਮਾਂ ਲਈ ਕੇਂਦਰੀ ਸੇਵਾਵਾਂ ਨਿਯਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਗੱਲ ਹੋਣ ਤੋਂ ਦੋ ਦਿਨ ਬਾਅਦ ਆਪਣੀ ਪ੍ਰਤੀਕਿਰਿਆ ਟਵੀਟ ਕਰ ਕੇ ਦਿੱਤੀ, ਜਦਕਿ ਇਸ ਮਾਮਲੇ ’ਤੇ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨਾਲ ਵੀ ਕੋਈ ਲਾਭ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੁਣ ਸੋਧਾਂ ਕਰਨ ਲਈ ਬਹੁਤ ਦੇਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਮਜ਼ੋਰੀ ਦਾ ਲਾਭ ਲੈ ਰਹੀ ਹੈ ਅਤੇ ਪੰਜਾਬ ਨੂੰ ਖੂੰਜੇ ਲਗਾ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ, ਜਿਸ ਦਾ ਕੋਈ ਤਰਕ ਨਹੀਂ ਹੈ।
ਇਹ ਵੀ ਪੜ੍ਹੋ : CM ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨਾਲ ਅਹਿਮ ਬੈਠਕ, ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਿੱਤੇ ਇਹ ਹੁਕਮ
ਉੁਨ੍ਹਾਂ ਕਿਹਾ ਕਿ ਸਾਰੇ ਕਮਿਸ਼ਨ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿਚ ਹੁਣ ਹਿੰਦੀ ਬੋਲਦੇ ਕੋਈ ਇਲਾਕੇ ਨਹੀਂ ਰਹੇ, ਜੋ ਹਰਿਆਣਾ ’ਚ ਸ਼ਾਮਲ ਕੀਤੇ ਜਾਣ ਪਰ ਖੱਟੜ ਹਾਲੇ ਵੀ ਪੰਜਾਬ ’ਤੇ ਦਬਾਅ ਬਣਾਉਣ ਲਈ ਤੇ ਚੰਡੀਗੜ੍ਹ ਵੰਡਣ ਲਈ ਬਿਆਨਬਾਜ਼ੀ ਕਰ ਰਹੇ ਹਨ। ਅਕਾਲੀ ਆਗੂ ਨੇ ਕਿਹਾ ਕਿ ਚੰਡੀਗੜ੍ਹ ਹਮੇਸ਼ਾ ਪੰਜਾਬ ਦਾ ਸੀ ਅਤੇ ਰਹੇਗਾ ਤੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਰਜ਼ੀ ਤੌਰ ’ਤੇ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਕੋਈ ਸ਼ਰਤਾਂ ਨਹੀਂ ਲਗਾਈਆਂ ਜਾ ਸਕਦੀਆਂ, ਜਿਵੇਂ ਕਿ ਹਰਿਆਣਾ ਦੇ ਮੁੱਖ ਮੰਤਰੀ ਲਗਾ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਇਕਾਈ ਨੂੰ ਵੀ ਕਿਹਾ ਕਿ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦਰਿਆਈ ਪਾਣੀਆਂ ਸਮੇਤ ਪੰਜਾਬ ਦੇ ਮਸਲਿਆਂ ਬਾਰੇ ਦੋਗਲੇ ਮਿਆਰ ਅਪਣਾ ਰਹੀ ਹੈ, ਜਿਸ ਨਾਲ ਹਰਿਆਣਾ ਦੇ ਮੁੱਖ ਮੰਤਰੀ ਦਾ ਹੌਸਲਾ ਵਧ ਗਿਆ ਹੈ ਤੇ ਉਹ ਹੁਣ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਸ਼ਰਤਾਂ ਰੱਖਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਸਪੱਸ਼ਟ ਕਰੇ ਕਿ ਉਹ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨਾਲ ਹੈ ਜਾਂ ਫਿਰ ਕੇਜਰੀਵਾਲ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਬੇਤੁਕੀ ਬਿਆਨਬਾਜ਼ੀ ਪੰਜਾਬ ਦੇ ਕਿਸੇ ਕੰਮ ਦੀ ਨਹੀਂ ਹੈ।