ਲੋਕਾਂ ਦੇ ਸਹਿਯੋਗ ਨਾਲ ਹੱਲ ਹੋ ਸਕਦੇ ਨੇ ਸਾਰੇ ਮਸਲੇ: ਐੱਸ. ਪੀ.
Sunday, Jun 11, 2017 - 01:58 PM (IST)

ਸੰਦੌੜ(ਰਿਖੀ)— ਐੱਸ. ਪੀ. ਮਾਲੇਰਕੋਟਲਾ ਵੱਲੋਂ ਥਾਣਾ ਸੰਦੌੜ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨਾਲ ਨਸ਼ਿਆਂ ਦੇ ਖਾਤਮੇ ਅਤੇ ਪਬਲਿਕ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰੇ ਲਈ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਐੱਸ. ਪੀ. ਮਾਲੇਰਕੋਟਲਾ ਰਾਜ ਕੁਮਾਰ ਅਤੇ ਡੀ. ਐੱਸ. ਪੀ. ਮਾਲੇਰਕੋਟਲਾ ਜੋਗੀ ਰਾਜ ਨੇ ਹਲਕੇ ਦੇ ਲੋਕਾਂ ਨਾਲ ਜਿਥੇ ਵੱਖ-ਵੱਖ ਮੁੱਦਿਆਂ 'ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ, ਉਥੇ ਖਾਸ ਕਰਕੇ ਨਸ਼ਿਆਂ ਦੇ ਖਾਤਮੇ ਦੇ ਮੁੱਦੇ 'ਤੇ ਗੱਲਬਾਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸ. ਪੀ. ਮਾਲੇਰਕੋਟਲਾ ਰਾਜ ਕੁਮਾਰ ਨੇ ਕਿਹਾ ਕਿ ਪੁਲਸ ਲੋਕਾਂ ਦੇ ਸਹਿਯੋਗ ਲਈ ਹੈ। ਪਬਲਿਕ ਜੇਕਰ ਪੁਲਸ ਨੂੰ ਪੂਰਾ ਸਹਿਯੋਗ ਦੇਵੇ ਤਾਂ ਪੁਲਸ ਸਾਰੇ ਤਰ੍ਹਾਂ ਦੇ ਮਸਲੇ ਹੱਲ ਕਰਨ 'ਚ ਸਮਰੱਥ ਹੈ, ਜੋ ਲੋਕ ਨਸ਼ਿਆਂ ਦਾ ਵਪਾਰ ਕਰਦੇ ਹਨ, ਉਨ੍ਹਾਂ ਦੀ ਨਿੰਦਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਅਤੇ ਪੁਲਸ ਨੂੰ ਉਨ੍ਹਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਡੀ. ਐੱਸ. ਪੀ. ਮਾਲੇਰਕੋਟਲਾ ਜੋਗੀ ਰਾਜ ਨੇ ਕਿਹਾ ਕਿ ਸਮਾਜ 'ਚ ਫੈਲੇ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਪੁਲਸ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਇਸ ਮੌਕੇ ਥਾਣਾ ਸੰਦੌੜ ਦੇ ਇੰਸਪੈਕਟਰ ਰਣਵੀਰ ਸਿੰਘ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਜਾਟ ਮਹਾਸਭਾ ਦੇ ਪ੍ਰਧਾਨ ਸਰਪੰਚ ਇਕਬਾਲ ਸਿੰਘ ਜਾਤੀਵਾਲ, ਜ਼ਿਲਾ ਕਾਂਗਰਸ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਧਲੇਰ, ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਮੈਡਮ ਬਬਲੀ ਕੌਰ ਸੀਮਾ, ਸਰਪੰਚ ਸੁਖਵਿੰਦਰ ਸਿੰਘ ਸਮੇਤ ਕਈ ਹਾਜ਼ਰ ਸਨ।