ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵਲੋਂ ਕੇ. ਜੇ. ਅਤੇ ਉਸ ਦੇ ਪਰਿਵਾਰ ਦੇ ਕਤਲ ਦੀ ਨਿੰਦਾ

Monday, Sep 25, 2017 - 08:55 AM (IST)

ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵਲੋਂ ਕੇ. ਜੇ. ਅਤੇ ਉਸ ਦੇ ਪਰਿਵਾਰ ਦੇ ਕਤਲ ਦੀ ਨਿੰਦਾ

ਮੋਹਾਲੀ (ਨਿਆਮੀਆਂ)-ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਵਰਕਿੰਗ ਕਮੇਟੀ ਮੈਂਬਰ ਐਡਵੋਕੇਟ ਜਸਬੀਰ ਸਿੰਘ ਘੁੰਮਣ, ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ ਅਤੇ ਫੈੱਡਰੇਸ਼ਨ ਦੇ ਸਕੱਤਰ ਜਨਰਲ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਨੇ ਮੋਹਾਲੀ ਵਿਖੇ ਇਕ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਅਤੇ ਉਸ ਦੀ ਮਾਤਾ ਗੁਰਚਰਨ ਕੌਰ ਦੇ ਕਤਲ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਕਤਲ ਭਾਵੇਂ ਘਰੇਲੂ ਹੋਣ ਜਾਂ ਜਥੇਬੰਦਕ, ਪੰਜਾਬ ਅਤੇ ਲੋਕਤੰਤਰ ਲਈ ਇਕ ਚਿੰਤਾ ਦਾ ਵਿਸ਼ਾ ਹਨ ਅਤੇ ਇਹ ਕਤਲ ਪੰਜਾਬ ਦੇ ਪੱਤਰਕਾਰ ਭਾਈਚਾਰੇ ਲਈ ਇਕ ਸਿੱਧਾ ਚੈਲੰਜ ਹਨ। 
ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਨ੍ਹਾਂ ਕਤਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਤਲਾਂ ਵਿਰੁੱਧ ਇਕਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਪ੍ਰੈੱਸ 'ਤੇ ਅਣਐਲਾਨੀ ਐਮਰਜੈਂਸੀ ਲਾਈ ਜਾ ਰਹੀ ਹੈ।
ਉਕਤ ਫੈੱਡਰੇਸ਼ਨ ਆਗੂਆਂ ਨੇ ਕਿਹਾ ਕਿ ਜੇਕਰ ਪੱਤਰਕਾਰ ਭਾਈਚਾਰਾ, ਪੱਤਰਕਾਰ ਗੌਰੀ ਲੰਕੇਸ਼, ਨਰਿੰਦਰ ਦਾਭੋਲਕਰ, ਗੋਬਿੰਦ ਪੰਸਾਰੇ ਅਤੇ ਐੱਮ. ਐੱਮ. ਕਲਬੁਰਗੀ ਦੇ ਫਿਰਕੂ ਕਾਤਲਾਂ ਵਿਰੁੱਧ ਦੇਸ਼ ਵਿਚ ਇਕਮੁੱਠ ਹੋ ਕੇ ਅੰਨਾ ਹਜ਼ਾਰੇ ਵਾਂਗ ਜ਼ਬਰਦਸਤ ਆਵਾਜ਼ ਬੁਲੰਦ ਕਰਕੇ ਇਕ ਲੋਕ ਲਹਿਰ ਪੈਦਾ ਕਰਦੇ ਤਾਂ ਇਕ ਤੋਂ ਬਾਅਦ ਦੂਸਰੇ ਦਲੇਰ ਪੱਤਰਕਾਰਾਂ ਦੇ ਕਤਲ ਨਾ ਹੁੰਦੇ ਪਰ ਅਫਸੋਸ ਪੱਤਰਕਾਰ ਭਾਈਚਾਰਾ ਵੀ ਆਪਣੇ ਭਰਾਵਾਂ ਦੇ ਕਤਲ ਹੁੰਦੇ ਵੇਖ ਕੇ ਮੂਕਦਰਸ਼ਕ ਬਣਿਆ ਰਿਹਾ, ਜਿਸ ਕਾਰਨ ਕਾਤਲਾਂ ਦੇ ਹੌਸਲੇ ਬੁਲੰਦ ਹੁੰਦੇ ਗਏ ਤੇ ਲੋਕਤੰਤਰ ਲਈ ਲੜਨ ਵਾਲੇ ਅਣਖੀਲੇ ਤੇ ਦਲੇਰ ਪੱਤਰਕਾਰਾਂ ਦੇ ਕਤਲ ਹੁੰਦੇ ਗਏ। ਉਨ੍ਹਾਂ ਕਿਹਾ ਕਿ ਅੱਜ ਵੀ ਪੱਤਰਕਾਰ ਭਾਈਚਾਰੇ ਨੂੰ ਆਪਣੀ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖਦਿਆਂ ਮਤਭੇਦ ਭੁਲਾ ਕੇ ਛੋਟੀਆਂ-ਛੋਟੀਆਂ ਜਥਬੰਦੀਆਂ ਭੰਗ ਕਰਕੇ ਇਕੋ ਇਕ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਪੱਤਰਕਾਰ ਭਾਈਚਾਰੇ ਦੀ ਜਥੇਬੰਦੀ ਕਾਇਮ ਕਰਕੇ ਆਪਣੇ ਭਰਾਵਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਅਤੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਲਈ ਤੁਰੰਤ ਸ਼ਾਂਤਮਈ ਸੰਘਰਸ਼ ਦਾ ਬਿਗੁਲ ਵਜਾਉਣਾ ਚਾਹੀਦਾ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਉਨ੍ਹਾਂ ਦੀ ਪੂਰਨ ਹਮਾਇਤ ਕਰੇਗੀ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਥੇਬੰਦਕ ਸੰਘਰਸ਼ ਦੀ ਅਗਵਾਈ ਪੇਂਡੂ ਖੇਤਰ ਦੇ ਪੱਤਰਕਾਰਾਂ ਦੇ ਹਵਾਲੇ ਕਰਨ, ਕਿਉਂਕਿ ਪੇਂਡੂ ਪੱਤਰਕਾਰ ਹੀ ਜਮ ਕੇ ਲੰਮਾ ਸੰਘਰਸ਼ ਲੜ ਸਕਦੇ ਹਨ।


Related News