ਸੂਬੇ ’ਚ ਸਭ ਵਿਕਾਸ ਕਾਰਜ ਠੱਪ, ਮਾਈਨਿੰਗ ਦੀ ਲੁੱਟ ’ਚ ਲੱਗੇ ਕਾਂਗਰਸੀ
Saturday, Jul 11, 2020 - 12:22 PM (IST)
ਜਲੰਧਰ (ਬਿਊਰੋ) – ਪਹਿਲਾਂ ਹੀ ਤੇਲ ਕੀਮਤਾਂ ਵਿਚੋਂ ਵਾਧੇ ਕਾਰਣ ਮਧੋਲੀ ਪਈ ਪੰਜਾਬ ਦੀ ਕਿਸਾਨੀ ਅਤੇ ਆਮ ਜਨਤਾ ’ਤੇ ਹੁਣ ਕੈਪਟਨ ਸਰਕਾਰ ਨੇ ਇੰਤਕਾਲਾਂ ਦੀਆਂ ਫੀਸਾਂ ਵਿਚ ਅਥਾਹ ਵਾਧਾ ਕਰ ਕੇ ਇਨ੍ਹਾਂ ਵਰਗਾਂ ਦਾ ਲੱਕ ਤੋੜ ਦਿੱਤਾ ਹੈ। ਕੈਪਟਨ ਸਰਕਾਰ ਵਲੋਂ ਜਨਤਾ ਨੂੰ ਰਾਹਤ ਦੇਣ ਦੀ ਬਜਾਏ ਆਏ ਦਿਨ ਕਿਸੇ ਨਾ ਕਿਸੇ ਤਰ੍ਹਾਂ ਦਾ ਟੈਕਸ ਲਾ ਕੇ ਜਨਤਾ ’ਤੇ ਬੋਝ ਪਾਇਆ ਜਾ ਰਿਹਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਨੇ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਕਹ।
ਸੁਕਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਸੰਭਾਲਣ ਦੇ ਪਹਿਲੇ ਦਿਨ ਹੀ ਸੂਬੇ ਵਿਚ ਚੱਲ ਰਹੇ ਵਿਕਾਸ ਕਾਰਜ ਠੱਪ ਕਰਵਾ ਕੇ ਸਾਰੇ ਮਹਿਕਮੇ ਤੋਂ ਫੰਡ ਵਾਪਸ ਖਜ਼ਾਨੇ ਵਿਚ ਜਮ੍ਹਾ ਕਰਵਾ ਲਏ ਸਨ ਜੋ ਅਜੇ ਤੱਕ ਵੀ ਉਹ ਸਾਰੇ ਕਾਰਜ ਅਧੂਰੇ ਹੀ ਪਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਵਿਕਾਸ ਕੰਮ ਤਾਂ ਕੀ ਕਰਨੇ ਸਨ, ਚਲਦੇ ਵੀ ਠੱਪ ਕਰਵਾ ਦਿੱਤੇ। ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਦਾ ਧਿਆਨ ਤਾਂ ਸੂਬੇ ਵਿਚ ਮਾਈਨਿੰਗ, ਰੇਤੇ ਦੀ ਲੁੱਟ ਅਤੇ ਬਜਰੀ ਦੇ ਕਾਰੋਬਾਰ ਵਿਚ ਹੀ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਆਪਣੀਆਂ ਤਿਜੌਰੀਆਂ ਭਰੀਆਂ ਜਾਣ। ਸ਼ਰਾਬ ਮਾਫੀਆ ਨੇ ਸੂਬੇ ਵਿਚ ਵੱਖਰੀ ਲੁੱਟ ਮਚਾਈ ਹੋਈ ਹੈ। ਹਰ ਪਾਸੇ ਉਹ ਕਿਹੜਾ ਕੰਮ ਜਾਂ ਕਾਰੋਬਾਰ ਹੈ, ਜਿਸ ’ਤੇ ਕਾਂਗਰਸੀਆਂ ਦਾ ਕਬਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਤਾਂ ਹੁਣ ਬੌਖਲਾਏ ਪਏ ਹਨ ਕਿ ਸਭ ਕੁਝ ਲੁੱਟ ਲਓ, ਫਿਰ ਸ਼ਾਇਦ ਹੀ ਕਈ ਦਹਾਕੇ ਦਾਅ ਨਾ ਲੱਗੇ। ਹੁਣ ਤਾਂ ਕਾਂਗਰਸ ਦਾ ਵਰਕਰ ਹੀ ਸਰਕਾਰ ਤੋਂ ਨਾਰਾਜ਼ ਹੋ ਕੇ ਘਰਾਂ ਵਿਚ ਬੈਠ ਗਿਆ ਹੈ ਅਤੇ ਉਹ ਖੁਦ ਹੀ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਬਕ ਸਿਖਾਉਣ ਲਈ ਸਮੇਂ ਦੀ ਤਾਕ ’ਚ ਹੈ ਕਿ ਕਦੋਂ ਵਿਧਾਨ ਸਭਾ ਚੋਣਾਂ ਹੋਣਗੀਆਂ। ਯੂਥ ਆਗੂ ਨੇ ਕਿਹਾ ਕਿ ਸਾਢੇ 3 ਸਾਲ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਕੋਈ ਵਿਕਾਸ ਕੰਮ ਨਹੀਂ ਕਰਵਾ ਸਕੀ, ਸਭ ਸੜਕਾਂ ਟੁੱਟੀਆਂ ਪਈਆਂ ਹਨ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਪਰ ਸਰਕਾਰ ਨੂੰ ਕੋਈ ਫਿਕਰ ਨਹੀਂ।