''ਜੋ ਵੀ ਹੈ ਕੱਢ ਦਿਓ, ਨਹੀਂ ਤਾਂ ਮਾਰ ਦਿਆਂਗੇ''; ਰੈਸਟੋਰੈਂਟ ਕਰਮਚਾਰੀਆਂ ਤੋਂ ਲੁੱਟ ਦੀ ਕੋਸ਼ਿਸ਼, CCTV ''ਚ ਕੈਦ ਹੋਈ ਘਟਨਾ

Friday, Jun 05, 2026 - 01:52 PM (IST)

''ਜੋ ਵੀ ਹੈ ਕੱਢ ਦਿਓ, ਨਹੀਂ ਤਾਂ ਮਾਰ ਦਿਆਂਗੇ''; ਰੈਸਟੋਰੈਂਟ ਕਰਮਚਾਰੀਆਂ ਤੋਂ ਲੁੱਟ ਦੀ ਕੋਸ਼ਿਸ਼, CCTV ''ਚ ਕੈਦ ਹੋਈ ਘਟਨਾ

ਲੁਧਿਆਣਾ (ਗੌਤਮ, ਰਾਜ): ਸ਼ਹਿਰ ਵਿਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮੇਨ ਫ਼ਿਰੋਜ਼ਪੁਰ ਰੋਡ ਸਥਿਤ ਅੰਸਲ ਪਲਾਜ਼ਾ ਦੇ ਸਾਹਮਣੇ ਦਾ ਹੈ, ਜਿੱਥੇ ਵੀਰਵਾਰ ਦੇਰ ਰਾਤ ਹਥਿਆਰਾਂ ਦੇ ਜ਼ੋਰ 'ਤੇ ਇਕ ਰੈਸਟੋਰੈਂਟ ਦੇ ਕਰਮਚਾਰੀਆਂ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਪੂਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ, 'ਦ ਇੰਪੀਰੀਅਲ ਕੋਰਟਯਾਰਡ ਰੈਸਟੋਰੈਂਟ' ਦੇ ਤਿੰਨ ਕਰਮਚਾਰੀ ਰਾਤ ਕਰੀਬ 1 ਵਜੇ ਡਿਊਟੀ ਖ਼ਤਮ ਹੋਣ ਤੋਂ ਬਾਅਦ ਰੈਸਟੋਰੈਂਟ ਦੇ ਬਾਹਰ ਆਪਣੇ ਹੋਰ ਸਾਥੀਆਂ ਦਾ ਇੰਤਜ਼ਾਰ ਕਰ ਰਹੇ ਸਨ। ਇਸੇ ਦੌਰਾਨ ਬਾਈਕ 'ਤੇ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ ਅਤੇ ਕਰਮਚਾਰੀਆਂ ਨੂੰ ਧਮਕਾਉਂਦੇ ਹੋਏ ਕਿਹਾ, "ਜੋ ਵੀ ਹੈ ਕੱਢ ਦਿਓ, ਨਹੀਂ ਤਾਂ ਮਾਰ ਦਿਆਂਗੇ"।

ਰੈਸਟੋਰੈਂਟ ਦੇ ਕਿਚਨ ਸਟਾਫ਼ ਮੈਂਬਰ ਸਾਹਿਬ ਨੇ ਦੱਸਿਆ ਕਿ ਮੁਲਜ਼ਮਾਂ ਦੀ ਧਮਕੀ ਸੁਣ ਕੇ ਉਹ ਘਬਰਾ ਗਏ। ਜਾਨ ਦਾ ਖ਼ਤਰਾ ਦੇਖਦੇ ਹੋਏ ਪਹਿਲਾਂ ਇਕ ਕਰਮਚਾਰੀ ਉੱਥੋਂ ਭੱਜਿਆ, ਜਿਸ ਤੋਂ ਬਾਅਦ ਬਾਕੀ ਦੋਵੇਂ ਵੀ ਮੌਕੇ ਤੋਂ ਦੌੜ ਗਏ। ਕਰਮਚਾਰੀਆਂ ਦੇ ਭੱਜ ਜਾਣ 'ਤੇ ਮੁਲਜ਼ਮ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਉੱਥੋਂ ਫ਼ਰਾਰ ਹੋ ਗਏ।

ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਬਾਈਕ ਸਵਾਰ ਸ਼ੱਕੀ ਨੌਜਵਾਨਾਂ ਦੀਆਂ ਗਤੀਵਿਧੀਆਂ ਅਤੇ ਕਰਮਚਾਰੀਆਂ ਨੂੰ ਧਮਕਾਉਣ ਦੀ ਪੂਰੀ ਵਾਰਦਾਤ ਸਾਫ਼ ਦਿਖਾਈ ਦੇ ਰਹੀ ਹੈ। ਫੁਟੇਜ ਦੇ ਆਧਾਰ 'ਤੇ ਪੁਲਸ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ। ਸਥਾਨਕ ਲੋਕਾਂ ਅਤੇ ਵਪਾਰੀਆਂ ਨੇ ਦੇਰ ਰਾਤ ਮੁੱਖ ਸੜਕਾਂ 'ਤੇ ਵਧ ਰਹੀਆਂ ਅਪਰਾਧਿਕ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।


author

Anmol Tagra

Content Editor

Related News