ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ’ਚ ਅਲਰਟ, ਕਈ ਬਾਰਡਰ ਕੀਤੇ ਗਏ ਸੀਲ
Sunday, Oct 02, 2022 - 06:21 PM (IST)

ਚੰਡੀਗੜ੍ਹ/ਮਾਨਸਾ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸਮ-ਖਾਸ ਗੈਂਗਸਟਰ ਦੀਪਕ ਟੀਨੂੰ ਸ਼ਨੀਵਾਰ ਰਾਤ ਮਾਨਸਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਦੀ ਟੀਮ ਟੀਨੂੰ ਨੂੰ ਕਪੂਰਥਲਾ ਤੋਂ ਮਾਨਸਾ ਲੈ ਕੇ ਆ ਰਹੀ ਸੀ। ਘਟਨਾ ਰਾਤ 11 ਵਜੇ ਦੀ ਦੱਸੀ ਜਾ ਰਹੀ ਹੈ। ਦੀਪਕ ਟੀਨੂੰ ਏ-ਕੈਟਾਗਿਰੀ ਦਾ ਗੈਂਗਸਟਰ ਹੈ ਅਤੇ ਉਸ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਸ ਅਲਰਟ ’ਤੇ ਹੈ। ਪੁਲਸ ਨੇ ਗੈਂਗਸਟਰ ਦੀ ਗ੍ਰਿਫ਼ਤਾਰੀ ਲਈ ਹਰਿਆਣਾ, ਰਾਜਸਥਾਨ ਅਤੇ ਚੰਡੀਗ਼ੜ੍ਹ ਬਾਰਡਰ ਸੀਲ ਕਰ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਦੀਪਕ ਟੀਨੂੰ ਦੇ ਰਾਜਸਥਾਨ ਭੱਜਣ ਦਾ ਸ਼ੱਕ ਹੈ ਕਿਉਂਕਿ ਰਾਜਸਥਾਨ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੱਡਾ ਨੈੱਟਵਰਕ ਹੈ। ਇਹ ਵੀ ਪਤਾ ਲੱਗ ਹੈ ਕਿ ਪੰਜਾਬ ਪੁਲਸ ਦੀਆਂ ਦੋ ਟੀਮਾਂ ਰਾਜਸਥਾਨ ਵਿਚ ਮੁਲਜ਼ਮ ਦੀ ਪੈੜ ਦੱਬਣ ਲਈ ਰਵਾਨਾ ਹੋ ਗਈਆਂ ਹਨ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਗੈਂਗ ਦੀ ਪੰਜਾਬ ਤੇ ਹਰਿਆਣਾ ਪੁਲਸ ਨੂੰ ਧਮਕੀ
ਇੰਝ ਫਰਾਰ ਹੋਇਆ ਦੀਪਕ
ਸੂਤਰ ਦੱਸਦੇ ਹਨ ਕਿ ਇਸ ਘਟਨਾ ਵਿਚ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੀ. ਆਈ. ਦੇ ਅਫਸਰ ਆਪਣੀ ਪ੍ਰਾਈਵੇਟ ਗੱਡੀ ਵਿਚ ਟੀਨੂੰ ਨੂੰ ਕਪੂਰਥਲਾ ਤੋਂ ਮਾਨਸਾ ਲੈ ਕੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਨਿਸ਼ਾਨਦੇਹੀ ਦੇ ਆਧਾਰ ’ਤੇ ਇਕ ਜਗ੍ਹਾ ਛਾਪਾਮਾਰਨ ਦਾ ਫ਼ੈਸਲਾ ਕੀਤਾ। ਮਾਨਸਾ ਤੋਂ ਕਪੂਰਥਲਾ ਵਿਚਾਲੇ ਲਗਭਗ 200 ਕਿਲੋਮੀਟਰ ਦਾ ਫ਼ਾਸਲਾ ਹੈ ਤੇ ਪੁਲਸ ਅਫਸਰਾਂ ਨੇ ਇੰਨੇ ਲੰਬੇ ਸਫਰ ਵਿਚ ਦੀਪਕ ਨੂੰ ਹੱਥਕੜੀ ਵੀ ਨਹੀਂ ਲਗਾਈ ਸੀ। ਜਿਸ ਕਾਰਨ ਗੈਂਗਸਟਰ ਪੁਲਸ ਦੀ ਗ੍ਰਿਫਤ ’ਚੋਂ ਭੱਜਣ ਵਿਚ ਕਾਮਯਾਬ ਹੋ ਸਕਿਆ ਹੈ।
ਇਹ ਵੀ ਪੜ੍ਹੋ : 20 ਤਾਰੀਖ਼ ਨੂੰ ਵਾਪਰਿਆ ਸੀ ਹਾਦਸਾ, 10 ਦਿਨ ਬਾਅਦ ਜ਼ਿੰਦਗੀ ਦੀ ਜੰਗ ਹਾਰਿਆ ਪੰਜਾਬ ਪੁਲਸ ਦਾ ਜਵਾਨ
ਲਾਰੈਂਸ ਗੈਂਗ ਨੇ ਪੰਜਾਬ-ਹਰਿਆਣਾ ਪੁਲਸ ਨੂੰ ਦਿੱਤੀ ਧਮਕੀ
ਲਾਰੈਂਸ ਗੈਂਗ ਨੇ ਲਿਖਿਆ ਹੈ ਕਿ ਇਹ ਪੋਸਟ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਪੁਲਸ ਲਈ ਹੈ। ਸਾਡਾ ਭਰਾ ਟੀਨੂੰ ਹਰਿਆਣਾ ਉਰਫ ਦੀਪਕ ਪੁਲਸ ਹਿਰਾਸਤ ’ਚੋ ਫਰਾਰ ਹੋ ਗਿਆ ਹੈ। ਪੁਲਸ ਉਸ ਦੇ ਨਾਲ ਕੁੱਝ ਵੀ ਨਾਜਾਇਜ਼ ਕਰ ਸਕਦੀ ਹੈ, ਇਹ ਪੋਸਟ ਇਸ ਲਈ ਪਾਉਣੀ ਪੈ ਰਹੀ ਹੈ। ਪੁਲਸ ਪਹਿਲਾਂ ਹੀ ਬਹੁਤ ਧੱਕਾ ਕਰ ਚੁੱਕੀ ਹੈ, ਹੁਣ ਹੋਰ ਨਹੀਂ ਸਹਿਣਾ। ਸਾਨੂੰ ਮਜ਼ਬੂਰ ਨਾ ਕੀਤਾ ਜਾਵੇ। ਜੋ ਵੀ ਬਣਦੀ ਕਾਰਵਾਈ ਹੈ ਪੁਲਸ ਉਹ ਕਰੇ। ਅਜੇ ਵੀ ਸਮਝ ਜਾਓ ਜੇ ਸਾਡੇ ਭਰਾ ਨਾਲ ਕੁੱਝ ਨਜਾਇਜ਼ ਹੋਇਆ ਤਾਂ ਇਹ ਚੀਜ਼ ਭੁਗਤਣੀ ਪਵੇਗੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ : ਲਾਰੈਂਸ ਦਾ ਖਾਸਮ-ਖਾਸ ਖ਼ਤਰਨਾਕ ਗੈਂਗਸਟਰ ਦੀਪਕ ਪੁਲਸ ਹਿਰਾਸਤ ’ਚੋਂ ਫਰਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।