ਕੋਟਕਪੂਰਾ ''ਚ ਅਲਰਟ, ਪੁਲਸ ਨੇ ਪੁੱਛ-ਗਿੱਛ ਲਈ ਤਿੰਨ ਵਿਅਕਤੀ ਹਿਰਾਸਤ ''ਚ ਲਏ
Sunday, Jun 10, 2018 - 08:08 AM (IST)

ਕੋਟਕਪੂਰਾ (ਨਰਿੰਦਰ) : ਬਰਗਾੜੀ ਕਾਂਡ ਦੇ ਮਾਮਲੇ 'ਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਇਕ ਮੈਂਬਰ ਦੀ ਗ੍ਰਿਫਤਾਰੀ ਦੀਆਂ ਮੀਡੀਆ ਦੇ ਇਕ ਹਿੱਸੇ ਵਿਚ ਪ੍ਰਕਾਸ਼ਿਤ ਖਬਰਾਂ ਤੋਂ ਬਾਅਦ ਕੋਟਕਪੂਰਾ ਇਲਾਕੇ ਦੇ ਕਈ ਡੇਰਾ ਪ੍ਰੇਮੀਆਂ ਦੇ ਰੂਪਪੋਸ਼ ਹੋ ਜਾਣ ਅਤੇ ਕੁੱਝ ਨੂੰ ਪੁਲਸ ਵੱਲੋਂ ਪੁੱਛ-ਗਿੱਛ ਲਈ ਹਿਰਾਸਤ 'ਚ ਲੈ ਲਏ ਜਾਣ ਦਾ ਪਤਾ ਲੱਗਾ ਹੈ। ਭਾਂਵੇ ਉਕਤ ਮਾਮਲੇ ਦੀ ਪੁਲਸ ਦਾ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਪਰ ਪਤਾ ਲੱਗਾ ਹੈ ਕਿ ਸਥਾਨਕ ਮੁਕਤਸਰ ਸੜਕ 'ਤੇ ਰਹਿਣ ਵਾਲੇ ਦੋ ਸਕੇ ਭਰਾਵਾਂ ਤੇ ਮਾਨਸਾ ਤੋਂ ਉਨ੍ਹਾਂ ਨੂੰ ਘਰ ਮਿਲਣ ਲਈ ਆਏ ਇਕ ਰਿਸ਼ਤੇਦਾਰ ਨੂੰ ਬਾਹਰ ਦੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸ਼ਹਿਰ ਨੂੰ ਚੁਫੇਰਿਉਂ ਲਗਾਤਾਰ 24 ਘੰਟੇ ਦੀ ਨਾਕਾਬੰਦੀ ਕਰਕੇ ਪੁਲਸ ਨੇ ਘੇਰਿਆ ਹੋਇਆ ਹੈ ਤੇ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲੇ ਦੀਆਂ ਤਾਰਾਂ ਡੇਰਾ ਸਿਰਸਾ ਦੇ ਪ੍ਰੇਮੀਆਂ ਨਾਲ ਜੁੜਨ ਅਤੇ ਕੁਝ ਡੇਰਾ ਪ੍ਰੇਮੀਆਂ ਨੂੰ ਪੁਲਸ ਵੱਲੋਂ ਹਿਰਾਸਤ 'ਚ ਲੈਣ ਦੀਆਂ ਖਬਰਾਂ ਤੋਂ ਬਾਅਦ ਪਤਾ ਲੱਗਾ ਹੈ ਕਿ ਪੁਲਸ ਨੇ ਪੰਜਾਬ ਭਰ 'ਚ ਅਲਰਟ ਜਾਰੀ ਕਰ ਦਿੱਤਾ ਹੈ। ਸਿਟੀ ਥਾਣੇ ਦੇ ਮੁਖੀ ਖੇਮ ਚੰਦ ਪਰਾਸ਼ਰ ਅਤੇ ਸਦਰ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਕਿਸੇ ਵੀ ਡੇਰਾ ਪ੍ਰੇਮੀ ਨੂੰ ਹਿਰਾਸਤ 'ਚ ਲੈਣ ਤੋਂ ਇਨਕਾਰ ਕਰਦਿਆਂ ਇਹ ਮੰਨਿਆ ਕਿ ਅਲਰਟ ਕਰਕੇ ਸ਼ਹਿਰ ਦੇ ਚਾਰ ਚੁਫੇਰੇ ਪੁਲਸ ਮੁਲਾਜ਼ਮ 24 ਘੰਟੇ ਨਾਕਾਬੰਦੀ ਕਰਕੇ ਸ਼ੱਕੀ ਕਿਸਮ ਦੇ ਲੋਕਾਂ 'ਤੇ ਨਜ਼ਰ ਰੱਖ ਰਹੇ ਹਨ।