ਸ਼ਰਾਬ ਸਮੱਗਲਰਾਂ ਲਈ ਵਰਦਾਨ ਬਣਿਆ ਸ਼ਿਮਲਾਪੁਰੀ ਦਾ ਇਲਾਕਾ, ਥਾਣਾ ਪੁਲਸ ਮਸਤ
Tuesday, Mar 06, 2018 - 05:08 AM (IST)

ਲੁਧਿਆਣਾ(ਪੰਕਜ)-ਰਾਜ 'ਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਖਤਮ ਕਰਨ ਲਈ ਸ਼ਰਾਬ ਕਾਰੋਬਾਰ ਨੂੰ ਜਿੱਥੇ ਸਰਕਾਰ ਕਾਰਪੋਰੇਸ਼ਨ ਸਿਸਟਮ ਤਹਿਤ ਲਿਆਉਣ 'ਚ ਜੁਟੀ ਹੋਈ ਹੈ, ਉਥੇ ਦੂਜੇ ਪਾਸੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ 'ਚ ਸਰਗਰਮ ਮਾਫੀਆ ਮਹਾਨਗਰ 'ਚ ਆਪਣਾ ਕਾਰੋਬਾਰ ਕਾਇਮ ਕਰ ਚੁੱਕਿਆ ਹੈ। ਉਨ੍ਹਾਂ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਅਤੇ ਫਾਇਦੇਮੰਦ ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦਾ ਇਲਾਕਾ ਹੈ, ਜਿੱਥੇ ਇਲਾਕਾ ਪੁਲਸ ਦੇ ਮਸਤ ਹੋਣ ਦੇ ਕਾਰਨ ਉਨ੍ਹਾਂ ਦੀ ਸੇਲ ਬਾਕੀ ਇਲਾਕਿਆਂ ਤੋਂ ਜ਼ਿਆਦਾ ਹੈ। ਹਾਲਾਂਕਿ ਸਪੈਸ਼ਲ ਸੈੱਲ ਅਤੇ ਨਾਰਕੋਟਿਕ ਦੀਆਂ ਟੀਮਾਂ ਸਮੱਗਲਰਾਂ ਲਈ ਸਿਰਦਰਦ ਬਣੀਆਂ ਹੋਈਆਂ ਹਨ। ਨਿਗਮ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੌਰਾਨ ਸ਼ਿਮਲਾਪੁਰੀ ਇਲਾਕੇ 'ਚ ਸੈੱਲ ਦੀਆਂ ਟੀਮਾਂ ਵਲੋਂ ਜਿੱਥੇ ਆਪਣੀ ਸਰਗਰਮੀ ਦਿਖਾਉਂਦੇ ਹੋਏ ਦਰਜਨਾਂ ਸ਼ਰਾਬ ਸਮੱਗਲਿੰਗ ਦੇ ਮਾਮਲੇ ਦਰਜ ਕਰ ਕੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਦੀ ਖੇਪ ਸਮੇਤ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਇਲਾਕਾ ਪੁਲਸ ਦਾ ਖੁਫੀਆ ਤੰਤਰ ਪੂਰੀ ਤਰ੍ਹਾਂ ਫੇਲ ਹੋਇਆ ਨਜ਼ਰ ਆਉਂਦਾ ਹੈ। ਜਿਨ੍ਹਾਂ ਕੋਲ ਸ਼ਰਾਬ ਸਮੱਗਲਿੰਗ ਦੀ ਸੂਚਨਾ ਤੱਕ ਨਹੀਂ ਪਹੁੰਚ ਪਾ ਰਹੀ ਹੈ। ਇਸ ਦੌਰਾਨ ਨਾ ਸਿਰਫ ਅਧਿਕਾਰੀ, ਬਲਕਿ ਆਮ ਜਨਤਾ ਵੀ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਹਨੇਰਾ ਹੁੰਦੇ ਹੀ ਪੂਰੇ ਸ਼ਿਮਲਾਪੁਰੀ ਇਲਾਕੇ 'ਚ ਸ਼ਰਾਬ ਸਮੱਗਲਰਾਂ ਦੀਆਂ ਟੀਮਾਂ ਘੁੰਮ ਕੇ ਪਿਅਕੜਾਂ ਨੂੰ ਹਜ਼ਾਰਾਂ ਬੋਤਲਾਂ ਸ਼ਰਾਬ ਰੋਜ਼ ਵੇਚ ਰਹੀਆਂ ਹਨ ਪਰ ਇਲਾਕਾ ਪੁਲਸ ਨੂੰ ਇਸ ਦੀ ਆਖਿਰ ਭਿਣਕ ਕਿਉਂ ਨਹੀਂ ਲੱਗ ਰਹੀ। ਉਧਰ ਸ਼ਰਾਬ ਸਮੱਗਲਰਾਂ ਲਈ ਸੋਨੇ ਦੀ ਖਾਨ ਬਣਿਆ ਸ਼ਿਮਲਾਪੁਰੀ ਇਲਾਕਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਰਾਜਸਵ ਚੁਕਾਉਣ ਵਾਲੇ ਸ਼ਰਾਬ ਠੇਕੇਦਾਰਾਂ ਲਈ ਘਾਟੇ ਦਾ ਸੌਦਾ ਸਾਬਿਤ ਹੋ ਰਿਹਾ ਹੈ, ਜਦੋਂਕਿ ਲੇਬਰ ਅਤੇ ਦਰਮਿਆਨੇ ਵਰਗ ਨਾਲ ਜੁੜੇ ਹਜ਼ਾਰਾਂ ਪਰਿਵਾਰ ਤੋਂ ਇਸ ਇਲਾਕੇ 'ਚ ਦੇਸੀ ਅਤੇ ਸਸਤੀ ਸ਼ਰਾਬ ਦੀ ਸਭ ਤੋਂ ਜ਼ਿਆਦਾ ਸੇਲ ਹੁੰਦੀ ਸੀ, ਜੋ ਕਿ ਨਾਜਾਇਜ਼ ਸ਼ਰਾਬ ਸਮੱਗਲਿੰਗ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੀ ਹੈ, ਜਿਸ ਦੀ ਵਜ੍ਹਾ ਪੁਲਸ ਦਾ ਕੁੰਭਕਰਨੀ ਨੀਂਦ 'ਚ ਸੌਣਾ ਮੰਨਿਆ ਜਾ ਰਿਹਾ ਹੈ।