ਭਾਰਤ-ਪਾਕਿ ਦੀਆਂ ਰੇਲ ਪਟੜੀਆਂ ’ਤੇ ਦੌੜ ਰਹੀ ਹੈ ‘ਲਾਲ ਪਰੀ ਐਕਸਪ੍ਰੈੱਸ’

Thursday, Jan 03, 2019 - 10:08 AM (IST)

ਭਾਰਤ-ਪਾਕਿ ਦੀਆਂ ਰੇਲ ਪਟੜੀਆਂ ’ਤੇ ਦੌੜ ਰਹੀ ਹੈ ‘ਲਾਲ ਪਰੀ ਐਕਸਪ੍ਰੈੱਸ’

ਅੰਮ੍ਰਿਤਸਰ, (ਸਫਰ)- ਭਾਰਤ-ਪਾਕਿਸਤਾਨ ਦੀਆਂ ਰੇਲ ਪਟੜੀਆਂ ’ਤੇ ਦੋਵਾਂ ਦੇਸ਼ਾਂ ’ਚ ਚੱਲਣ ਵਾਲੀਆਂ ਟਰੇਨਾਂ ਭਾਵੇਂ ਰੋਜ਼ਾਨਾ 1-2 ਵਾਰ ਭੱਜਣ ਪਰ ਇਨ੍ਹਾਂ ਪਟੜੀਆਂ ’ਤੇ ਲਾਲ ਪਰੀ ਐਕਸਪ੍ਰੈੱਸ ਸ਼ਾਮ ਢੱਲਦੇ ਹੀ ਤੇਜ਼ੀ ਨਾਲ ਦੌੜਨ ਲੱਗਦੀ ਹੈ। ਪਰੀ ਐਕਸਪ੍ਰੈੱਸ ਉਹ ਸ਼ਰਾਬ ਹੈ ਜੋ ਆਨ ਡਿਮਾਂਡ ਭਾਰਤ-ਪਾਕਿ ਰੇਲ ਪਟੜੀਆਂ ’ਤੇ ਸਪਲਾਈ ਹੁੰਦੀ ਹੈ। ਨਾ ਕਿਸੇ ਦਾ ਖੌਫ, ਨਾ ਡਰ। ਸ਼ਰਾਬ ਵੇਚਣ ਦਾ ਅੰਦਾਜ਼ ਵੀ ਨਿਰਾਲਾ। ਗੱਲ ਕਰਨੀ ਹੈ ਤਾਂ ਵਟਸਐਪ ਨੰਬਰ ’ਤੇ ਹੀ ਹੋਵੇਗੀ।

ਗੱਲਬਾਤ ਦੌਰਾਨ ਕੋਡਵਰਡ ਨੂੰ ਨਮਸਤੇ ਦੇ ਸਥਾਨ ’ਤੇ ਪ੍ਰਯੋਗ ਕੀਤਾ ਜਾਂਦਾ ਹੈ, ਅਗਲਾ ਸਮਝ ਜਾਂਦਾ ਹੈ ਕਿ ਸੈਟਿੰਗ ਆਪਣੀ ਹੈ। ਹੋਮ ਡਲਿਵਰੀ ਵੀ ਫ੍ਰੀ ਹੈ ਪਰ ਉਸ ਦੇ ਲਈ ਵੀ ਕੋਡਵਰਡ ਹੈ ਜਿਵੇਂ ਕੈਸ਼ ਲੈਣਾ ਹੈ ਤਾਂ ‘ਲਾਹੌਰ ਛਾਪ’ ਕਹਿਣਾ ਜ਼ਰੂਰੀ ਹੈ। ਸਾਰਾ ਧੰਦਾ ਮੋਬਾਇਲ ’ਤੇ ਹੁੰਦਾ ਹੈ। ਸ਼ਾਮ ਢੱਲਦੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਲਾਹੌਰ ਜਾਣ ਵਾਲੀਆਂ ਰੇਲ ਪਟਡ਼ੀਆਂ ’ਤੇ ਪਹਿਲਾਂ ਫਾਟਕ ਤੋਂ ਲੈ ਕੇ ਖਾਸਾ ਤੱਕ ਜਿੰਨੇ ਵੀ ਫਾਟਕ ਹਨ, ਉਥੇ ਇਹ ਨੈੱਟਵਰਕ 2 ਨੰਬਰ ਦੀ ਸ਼ਰਾਬ ਧਡ਼ੱਲੇ ਨਾਲ ਵੇਚ ਰਹੇ ਹਨ। ਰੇਲ ਪਟੜੀਆਂ ’ਤੇ ਰਾਤ ਸਮੇਂ ਸ਼ਰਾਬ ਦੀਆਂ ਪੇਟੀਆਂ ਉਤਾਰੀਆਂ ਜਾਂਦੀਆਂ ਹਨ ਤੇ ਉਥੋਂ ਇੰਨੀ ਜਲਦੀ ਸਪਲਾਈ ਹੋ ਜਾਂਦੀ ਹੈ ਕਿ ਓਨੀ ਜਲਦੀ ਰਾਸ਼ਨ ਦੇ ਡਿਪੂ ’ਤੇ ਵੀ ਸਪਲਾਈ ਨਹੀਂ ਹੁੰਦੀ।

 ਭਾਰਤ-ਪਾਕਿ ਰੇਲ ਪਟੜੀਆਂ ਦੇ ਨਾਲ ਰੇਲ ਦੀਆਂ ਜ਼ਮੀਨਾਂ ’ਤੇ ਕੁਝ ਲੋਕਾਂ ਨੇ ਕਬਜ਼ਾ ਵੀ ਕਰ ਰੱਖਿਆ ਹੈ ਤੇ ਉਥੇ 2 ਨੰਬਰ ਦੀ ਸ਼ਰਾਬ ਵੇਚੀ ਜਾਂਦੀ ਹੈ। ਨੈੱਟਵਰਕ ਵਿਚ ਗੈਂਗਸਟਰਾਂ ਦਾ ਹਿੱਸਾ ਵੀ ਹੈ, ਅਜਿਹੇ ’ਚ ਕੋਈ ਵੀ ਸੰਸਕਾਰੀ/ਸੱਭਿਆਚਾਰੀ  ਨਾਗਰਿਕ ਅਜਿਹੇ ਲੋਕਾਂ ਦੇ ਮੂੁੰਹ ਨਹੀਂ ਲੱਗਣਾ ਚਾਹੁੰਦਾ। ਪੁਲਸ ਸਭ ਕੁਝ ਜਾਣਦੇ ਹੋਏ ਚੁੱਪ ਕਿਉਂ ਹੈ, ਇਹ ਗੱਲ ਲੋਕਾਂ ਨੂੰ ਹਜ਼ਮ ਨਹੀਂ ਹੁੰਦੀ। ਦੱਸਿਆ ਜਾ ਰਿਹਾ ਹੈ ਕਿ ਇਸ 2 ਨੰਬਰ ਦੇ ਧੰਦੇ ਵਾਲਿਆਂ ਦੀ ਪਹੁੰਚ ਇੰਨੀ ਉਪਰ ਹੈ ਕਿ ਕੋਈ ਵੀ ਇਨ੍ਹਾਂ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ। ਖਾਸ ਗੱਲ ਹੈ ਕਿ ਸਮਾਜ ਨੂੰ ਸੁਧਾਰਨ ਦੇ ਨਾਂ ’ਤੇ ਮੀਡੀਆ ’ਚ ਫੋਟੋ ਖਿਚਵਾਉਣ ਵਾਲੇ ਇਸ ਇਲਾਕੇ ਦੇ ਦਰਜਨਾਂ ਚਿਹਰੇ ਹਨ, ਜੋ ਇਸ ਮਾਮਲੇ ਵਿਚ ਚੁੱਪ ਹਨ।

ਗਲਤ ਕੰਮ ਕਰਨ ਵਾਲੇ ਸਾਰੇ ਫੜੇ ਜਾਣਗੇ : ਏ. ਡੀ. ਸੀ. ਪੀ.-2
ਏ. ਡੀ. ਸੀ. ਪੀ.-2 ਲਖਬੀਰ ਸਿੰਘ ਕਹਿੰਦੇ ਹਨ ਕਿ ਗਲਤ ਕੰਮ ਕਰਨ ਵਾਲੇ ਸਾਰੇ ਫੜੇ ਜਾਣਗੇ। ਪੁਲਸ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਹਰੇਕ ਪੁਲਸ ਥਾਣੇ ਅਧੀਨ ਜੇਕਰ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਉਸ ਨੂੰ ਜਵਾਬਦੇਹ ਬਣਾਇਆ ਗਿਆ ਹੈ। ਸਥਾਨਕ ਪੁਲਸ ਨੂੰ ਜਵਾਬ ਦੇਣਾ ਹੋਵੇਗਾ। ਪੁਲਸ ਨੇ ਪੂਰੀ ਪਲਾਨਿੰਗ ਨਾਲ 2019 ਵਿਚ ਹਰ ਪਹਿਲੂ ’ਤੇ ਕਾਨੂੰਨ ਤੋੜਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਸਾਰਾ ਹੋਮਵਰਕ ਕਰ ਲਿਆ ਹੈ। ਕਾਨੂੰਨ ਅਨੁਸਾਰ ਕਾਨੂੰਨ ਤੋੜਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ।


Related News