ਅਕਸ਼ੈ ਕੁਮਾਰ ਦੀ ਸਫਾਈ, ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ
Monday, Nov 12, 2018 - 06:56 PM (IST)
ਮੁੰਬਈ : ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ। ਅਕਸ਼ੈ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਉਹ ਆਪਣੀ ਜ਼ਿੰਦਗੀ 'ਚ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ ਹਨ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਇਨ੍ਹਾਂ ਅਫਵਾਹਾਂ 'ਚ ਇਕ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ, ਜਿਸ 'ਚ ਸੁਖਬੀਰ ਬਾਦਲ ਵੀ ਸ਼ਾਮਲ ਸਨ।
ਉਨ੍ਹਾਂ ਕਿਹਾ, ''ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਵੇਲੇ ਗੁਰਮੀਤ ਰਾਮ ਰਹੀਮ ਮੇਰੇ ਰਿਹਾਇਸ਼ੀ ਇਲਾਕੇ ਜੁਹੂ ਮੁੰਬਈ 'ਚ ਰਿਹਾ ਸੀ ਪਰ ਅਸੀਂ ਕਦੇ ਵੀ ਨਹੀਂ ਮਿਲੇ। ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਅਜਿਹੀਆਂ ਫਿਲਮਾਂ ਹੀ ਕੀਤੀਆਂ ਹਨ, ਜਿਹੜੀਆਂ ਪੰਜਾਬੀ ਸੱਭਿਆਚਾਰ ਅਤੇ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਦੀਆਂ ਹਨ। ਜਿਵੇਂ ਕਿ 'ਸਿੰਘ ਇਜ਼ ਕਿੰਗ' ਅਤੇ 'ਕੇਸਰੀ' ਆਦਿ। ਮੇਰੇ ਲਈ ਸਿੱਖ ਧਰਮ ਲਈ ਬਹੁਤ ਇਜ਼ੱਤ ਹੈ। ਮੈਂ ਕਦੇ ਅਜਿਹਾ ਕੁਝ ਨਹੀਂ ਕਰਾਂਗਾ, ਜੋ ਕਦੇ ਮੇਰੇ ਪੰਜਾਬੀ ਭੈਣਾਂ ਅਤੇ ਭਰਾਵਾਂ ਨੂੰ ਦੁੱਖ ਪਹੁੰਚਾਵੇ।'' ਅਕਸ਼ੈ ਕੁਮਾਰ ਨੇ ਅੰਤ 'ਚ ਲਿਖਿਆ, ''ਮੈਂ ਚੁਣੌਤੀ ਦਿੰਦਾ ਹਾਂ ਕਿ ਕੋਈ ਮੇਰੇ 'ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਕੇ ਦਿਖਾਵੇ।''