ਦੋ ਸਾਲ ਬਾਅਦ ਅਕਾਲੀ ਆਗੂਆਂ ਦੀ ਆਈ ਸ਼ਾਮਤ, ਪੁਲਸ ਨੇ ਕੀਤਾ ਗ੍ਰਿਫਤਾਰ (ਤਸਵੀਰਾਂ)

02/19/2017 6:37:11 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਲਗਭਗ ਦੋ ਸਾਲ ਪਹਿਲਾਂ ਧੋਖਾਧੜੀ ਦੇ ਦਰਜ ਇਕ ਮਾਮਲੇ ਵਿਚ ਆਖਿਰ ਸਥਾਨਕ ਪੁਲਸ ਨੇ ਇਕ ਅਕਾਲੀ ਕੌਂਸਲਰ ਅਤੇ ਇਕ ਸਾਬਕਾ ਕੌਂਸਲਰ ਨੂੰ ਗ੍ਰਿਫਤਾਰ ਕਰ ਹੀ ਲਿਆ। ਵਰਨਣਯੋਗ ਹੈ ਕਿ ਕਾਬੂ ਕੀਤਾ ਗਿਆ ਸੁਖਦੇਵ ਸਿੰਘ ਸੁੱਖਾ ਇਸ ਸਮੇਂ ਵਾਰਡ ਨੰਬਰ 23 ਤੋਂ ਕੌਂਸਲਰ ਹੈ ਜਦਕਿ ਪਹਿਲਾਂ ਵਾਰਡ ਨੰਬਰ 7 ਤੋਂ ਕੌਂਸਲਰ ਰਹੇ ਰਜਿੰਦਰ ਸਿੰਘ ਰਾਜਾ ਦੀ ਪਤਨੀ ਹੁਣ ਕੌਂਸਲਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਥਾਣਾ ਸਦਰ ਵਿਚ ਕੱਚਾ ਭਾਗਸਰ ਰੋਡ ਨਿਵਾਸੀ ਮੱਖਣ ਸਿੰਘ ਨੇ 27 ਅਪ੍ਰੈਲ 2015 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਬੇਦਖਲ ਕੀਤੇ ਪੁੱਤਰ ਸੁਖਵੰਤ ਸਿੰਘ ਨਾਲ ਸਾਜ ਬਾਜ ਹੋਕੇ ਉਸਦੀ ਜ਼ਮੀਨ ਦੀ ਰਜਿਸਟਰੀ ਸੁਖਵੰਤ ਸਿੰਘ ਦੇ ਨਾਮ ਕਰਵਾਈ ਹੈ। ਮੱਖਣ ਸਿੰਘ ਅਨੁਸਾਰ ਉਸ ਦੇ ਬੇਦਖਲ ਕੀਤੇ ਪੁੱਤਰ ਸੁਖਵੰਤ ਸਿੰਘ ਨੇ ਬੱਗਾ ਸਿੰਘ ਨਾਮ ਦੇ ਇਕ ਵਿਅਕਤੀ ਨੂੰ ਆਪਣਾ ਫਰਜ਼ੀ ਪਿਤਾ ਬਣਾਉਂਦੇ ਹੋਏ 5 ਏਕੜ ਚਾਲੀ ਕਨਾਲ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ।
ਇਸ ਦੌਰਾਨ ਰਜਿਸਟਰੀ ਕਰਵਾਉਂਦੇ ਸਮੇਂ ਉਸ ਸਮੇਂ ਦੇ ਤਤਕਾਲੀਨ ਵਾਰਡ ਨੰਬਰ 7 ਦੇ ਕੌਂਸਲਰ ਰਜਿੰਦਰ ਸਿੰਘ ਰਾਜਾ ਅਤੇ ਉਸ ਸਮੇਂ ਵਾਰਡ ਨੰਬਰ 12 ਅਤੇ ਹੁਣ ਵਾਰਡ ਨੰਬਰ 23 ਦੇ ਕੌਂਸਲਰ ਸੁਖਦੇਵ ਸਿੰਘ ਉਰਫ਼ ਸੁਖਾ ਨੇ ਗਵਾਹੀ ਦਿੱਤੀ ਸੀ। ਮੱਖਣ ਸਿੰਘ ਅਨੁਸਾਰ ਉਕਤ ਦੋਵੇਂ ਵਿਅਕਤੀ ਉਨ੍ਹਾਂ ਨੂੰ ਜਾਣਦੇ ਹਨ ਪਰ ਇਸ ਦੇ ਬਾਵਜੂਦ ਕਥਿਤ ਤੌਰ ''ਤੇ ਬੱਗਾ ਸਿੰਘ ਨੂੰ ਮੱਖਣ ਸਿੰਘ ਦਸਦਿਆਂ ਗਵਾਹੀ ਦਿੱਤੀ। ਵਰਨਣਯੋਗ ਹੈ ਕਿ ਪੁਲਸ ਨੇ ਇਸ ਸ਼ਿਕਾਇਤ ਦੇ ਅਧਾਰ ''ਤੇ 28 ਮਈ 2015 ਨੂੰ ਮਾਮਲਾ ਦਰਜ ਕਰ ਲਿਆ ਸੀ ਪਰ ਸੱਤਾ ਪੱਖ ਨਾਲ ਸਬੰਧਤ ਦੋਵਾਂ ਵਿਅਕਤੀਆਂ ਤੇ ਸੱਤਾਧਾਰੀ ਆਗੂਆਂ ਦੇ ਦਬਾਅ ਕਾਰਨ ਕਾਰਵਾਈ ਨਹੀਂ ਹੋ ਰਹੀ ਸੀ। ਹੁਣ ਜਦ ਮੁਦਈ ਪੱਖ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ 2 ਫਰਵਰੀ ਨੂੰ ਮਾਣਯੋਗ ਅਦਾਲਤ ਨੇ ਦੋਵਾਂ ਨੂੰ ਭਗੌੜੇ ਕਰਾਰ ਦੇ ਦਿੱਤਾ। ਥਾਣਾ ਸਦਰ ਇੰਚਾਰਜ ਗੁਰਦੀਪ ਸਿੰਘ ਅਨੁਸਾਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Gurminder Singh

Content Editor

Related News