ਦਰੱਖਤਾਂ ਦੀ ਕਟਾਈ ਵਾਲੀ ਮਸ਼ੀਨ ਦੇ ਮਾਮਲੇ ''ਚ ਅਕਾਲੀ ਨੇਤਾਵਾਂ ਨੇ ਲਾਏ ਵੱਡੇ ਦੋਸ਼

11/25/2020 1:37:36 PM

ਮੋਹਾਲੀ (ਪਰਦੀਪ) : ਮੋਹਾਲੀ ਕਾਰਪੋਰੇਸ਼ਨ ਦੀਆਂ ਅਗਾਮੀਂ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸ ਦੇ ਸੰਭਾਵੀਂ ਉਮੀਦਵਾਰਾਂ ਵੱਲੋਂ ਦੀਵਾਲੀ ਤੋਂ 10 ਕੁ ਦਿਨ ਤੋਂ ਹੀ ਲਗਾਤਾਰ ਸਰਗਰਮੀਆਂ ਵਿੱਢੀਆਂ ਹੋਈਆਂ ਹਨ, ਉੱਥੇ ਅਕਾਲੀ ਨੇਤਾਵਾਂ ਵੱਲੋਂ ਇਸਤਰੀ ਅਕਾਲੀ ਦਲ ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ ਦੇ ਗ੍ਰਹਿ ਵਿਖੇ ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਨੇਤਾਵਾਂ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਦੇ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਤੋਂ ਸ਼ਹਿਰ ਵਾਸੀ ਭਲੀਭਾਂਤ ਜਾਣੂ ਹਨ ਅਤੇ ਇਸੇ ਮਾੜੀ ਕਾਬਲੀਅਤ ਨੂੰ ਢੱਕਣ ਦੇ ਲਈ ਉਹ ਲੋਕਾਂ ਦਾ ਧਿਆਨ ਭੜਕਾਉਣ ਦੇ ਲਈ ਸ਼ਹਿਰ ਵਾਸੀਆਂ ਨੂੰ ਦਰੱਖਤਾਂ ਦੀ ਕਟਾਈ ਅਤੇ ਛੰਗਾਈ ਨਾ ਕਰਵਾ ਕੇ ਸ਼ਹਿਰੀ ਵਾਸੀਆਂ ਨਾਲ ਧ੍ਰੋਹ ਕਮਾ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।

ਇਨ੍ਹਾਂ ਅਕਾਲੀ ਨੇਤਾਵਾਂ 'ਚ ਬੀਬੀ ਕੁਲਦੀਪ ਕੌਰ ਕੰਗ ਅਤੇ ਪਰਮਜੀਤ ਕਾਹਲੋਂ ਤੋਂ ਇਲਾਵਾ ਆਲ ਇੰਡੀਆ ਯੂਥ ਅਕਾਲੀ ਦਲ ਮੋਹਾਲੀ ਸ਼ਹਿਰ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਸਹਿਕਾਰੀ ਬੈਂਕ ਲਿਮਟਿਡ ਦੇ ਸਾਬਕਾ ਵਾਈਸ ਚੇਅਰਮੈਨ ਸੁਖਦੇਵ ਸਿੰਘ ਪਟਵਾਰੀ, ਅਕਾਲੀ ਦਲ ਬੀ. ਸੀ. ਵਿੰਗ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਮੁਖ ਸਿੰਘ ਸੋਹਲ, ਸਾਬਕਾ ਕੌਂਸਲਰ ਅਤੇ ਉੱਘੇ ਸਮਾਜ ਸੇਵੀ ਆਰ. ਪੀ. ਸ਼ਰਮਾ, ਯੂਥ ਅਕਾਲੀ ਨੇਤਾ ਅਤੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਤਸਿੰਬਲੀ ਅਤੇ ਗੁਰਮੀਤ ਕੌਰ ਨੇ ਕਿਹਾ ਕਿ ਸ਼ਹਿਰ 'ਚ ਦਰੱਖਤਾਂ ਦੀ ਛੰਗਾਈ ਕਰਨ ਵਾਲੇ ਕਾਰਪੋਰੇਸ਼ਨ ਦੇ ਸਟਾਫ ਨੂੰ ਵੱਖ-ਵੱਖ ਇਲਾਕਿਆਂ 'ਚ ਭੇਜ ਕੇ ਅਤੇ ਉਥੋਂ ਦੇ ਸੰਭਾਵੀਂ ਕਾਂਗਰਸੀ ਉਮੀਦਵਾਰਾਂ ਦੀ ਹਾਜ਼ਰੀ 'ਚ ਦਰੱਖਤਾਂ ਦੀ ਛੰਗਾਈ ਕਰਵਾਈ ਜਾ ਰਹੀ ਅਤੇ ਸਿਹਤ ਮੰਤਰੀ ਵੱਲੋਂ ਮੋਹਾਲੀ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਨਿੱਜੀ ਸਟਾਫ ਦੇ ਵਾਂਗ ਇਸਤੇਮਾਲ ਕੀਤਾ ਜਾ ਰਿਹਾ।

ਇਨ੍ਹਾਂ ਅਕਾਲੀ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਗਭਗ ਦੋ ਸਾਲ ਪਹਿਲਾਂ ਇਕ ਕਰੋੜ 75 ਲੱਖ ਰੁਪਏ ਦੀ ਪਰੂਨਿੰਗ ਮਸ਼ੀਨ ਦਾ ਆਰਡਰ ਦਿੱਤਾ ਸੀ ਜਿਸ ਨੇ ਸ਼ਹਿਰ ਦੀ ਸਾਫ ਸਫਾਈ ਦੇ ਕੰਮ ਆਉਣਾ ਸੀ ਅਤੇ ਰੋਜ਼ਾਨਾ 150 ਦਰੱਖਤਾਂ ਦੀ ਛੰਗਾਈ ਕਰਨ ਦੀ ਸਮਰੱਥਾ ਸੀ, ਜਦੋਂ ਕਿ ਬਲਬੀਰ ਸਿੱਧੂ ਵੱਲੋਂ ਖਰੀਦੀਆਂ ਗਈਆਂ ਜੁਗਾੜੂ ਮਸ਼ੀਨਾਂ 8 ਤੋਂ 10 ਦਰੱਖਤਾਂ ਦੀ ਹੀ ਛੰਗਾਈ ਕਰਦੀਆਂ। ਇਨ੍ਹਾਂ ਅਕਾਲੀ ਨੇਤਾਵਾਂ ਨੇ ਕਿਹਾ ਕਿ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਵੀ ਮੋਹਾਲੀ ਕਾਰਪੋਰੇਸ਼ਨ ਵੱਲੋਂ ਮੋਹਾਲੀ ਦੇ ਸਰਵਪੱਖੀ ਵਿਕਾਸ ਲਈ ਵਿਕਾਸ ਮੁੱਖੀ ਪ੍ਰਾਜੈਕਟ ਲਿਆਂਦੇ ਗਏ ਹਨ, ਜਿਨ੍ਹਾਂ ਤੋਂ ਸਾਰਾ ਸ਼ਹਿਰ ਜਾਣੂ ਹੈ।

ਮਸ਼ੀਨ ਦੀ ਡਲਿਵਰੀ ਰੋਕਣਾ ਨਿਰੋਲ ਕਾਨੂੰਨੀ ਪ੍ਰਕਿਰਿਆ : ਕੁਲਜੀਤ ਸਿੰਘ ਬੇਦੀ

ਮੋਹਾਲੀ 'ਚ ਦਰੱਖਤਾਂ ਦੀ ਛੰਗਾਈ ਸਬੰਧੀ ਪਰੂਨਿੰਗ ਮਸ਼ੀਨ ਦੀ ਡਲਿਵਰੀ ਸਰਕਾਰ ਵੱਲੋਂ ਰੋਕੇ ਜਾਣ ਦੇ ਸਬੰਧ 'ਚ ਪੱਖ ਰੱਖਦਿਆਂ ਨਵੀਂ ਵਾਰਡਬੰਦੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਮਸ਼ੀਨ ਦੀ ਡਲਿਵਰੀ ਦਾ ਰੁਕਣਾ ਕਾਨੂੰਨੀ ਪ੍ਰਕਿਰਿਆ ਹੈ, ਕਿਉਂਕਿ ਇਸ ਮਸ਼ੀਨ ਦੇ ਆਰਡਰ ਦੇਣ ਦੌਰਾਨ ਅਧਿਕਾਰੀਆਂ ਦੀਂ ਲਾਪਰਵਾਹੀ ਦੇ ਚੱਲਦਿਆਂ ਸਰਕਾਰੀ ਮੱਦਾਂ ਦਾ ਪਾਲਣ ਨਹੀਂ ਕੀਤਾ ਗਿਆ। ਬੇਸ਼ੱਕ ਇਸ ਮਸ਼ੀਨ ਸਬੰਧੀ ਪਾਸ ਕੀਤੇ ਗਏ ਮਤੇ ਦੌਰਾਨ ਵੀ ਉਹ ਹਾਜ਼ਰ ਸਨ ਅਤੇ ਸਾਨੂੰ ਇਸ ਮਸ਼ੀਨ ਇਸ ਦੇ ਸ਼ਹਿਰ 'ਚ ਆਉਣ ਤੇ ਕੋਈ ਇਤਰਾਜ਼ ਵੀ ਨਹੀਂ ਸੀ ਪਰ ਅਸੀਂ ਇਸ ਮਸ਼ੀਨ ਦਾ ਡੈਮੋ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਅਮਲ 'ਚ ਨਹੀਂ ਲਿਆਂਦਾ ਗਿਆ ਅਤੇ ਕਾਹਲ 'ਚ ਇਸ ਦਾ ਆਰਡਰ ਦਿੱਤਾ ਗਿਆ। ਬੇਦੀ ਨੇ ਕਿਹਾ ਕਿ ਅਕਾਲੀ ਨੇਤਾ ਪ੍ਰੈੱਸ ਕਾਨਫਰੰਸ ਕਰ ਕੇ ਕਾਂਗਰਸ ਖ਼ਿਲਾਫ਼ ਨਿੱਜੀ ਦੂਸ਼ਣਬਾਜ਼ੀ ਕਰਨ ਦੀ ਥਾਂ ਤੇ ਲੋਕਾਂ 'ਚ ਜਾਣ ਅਤੇ ਚੋਣ ਲੜਨ ਲਈ ਤਿਆਰ ਰਹਿਣ। ਬੇਦੀ ਨੇ ਕਿਹਾ ਕਿ ਅਕਾਲੀ ਨੇਤਾ ਲੋਕ ਸ਼ਹਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਨਹੀਂ ਹਨ ਅਤੇ ਲੋਕਾਂ ਦਾ ਧਿਆਨ ਭੜਕਾਉਂਣਾ ਚਾਹੁੰਦੇ ਹਨ।

ਦਰੱਖਤਾਂ ਦੀ ਛੰਗਾਈ ਉਚ ਪਾਏ ਦੀ ਮਸ਼ੀਨ ਦਾ ਰੋਕਣਾ ਨਹੀਂ ਹੈ ਵਾਜ਼ਿਬ : ਕੁਲਵੰਤ ਸਿੰਘ

ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪਰੂਨਿੰਗ ਜਿਹੜੀ ਕਿ 20 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲੀ ਇਕ ਆਟੋਮੈਟਿਕ ਮਸ਼ੀਨ ਹੈ ਅਤੇ ਇਸ ਮਸ਼ੀਨ ਨਾਲ ਦਰੱਖਤਾਂ ਦੀ ਬਰੀਕ ਪਰੂਨਿੰਗ ਹੁੰਦੀ ਹੈ ਅਤੇ ਘਾਹ ਫੂਸ ਵੀ ਕੱਟ ਕੇ ਉਸ ਨੂੰ ਮਿੱਟੀ ਬਣਾ ਦਿੱਤੀ ਅਤੇ ਮਲਬਾ ਵੀ ਉਸ ਥਾਂ ’ਤੇ ਰਹਿਣ ਨਹੀਂ ਦਿੰਦੀ। ਇਸ ਉੱਚ ਪਾਏ ਦੀ ਮਸ਼ੀਨ ਦੇ ਮੋਹਾਲੀ ਪੁੱਜਣ ਨਾਲ ਸ਼ਹਿਰ ਵਾਸੀਆਂ ਦਾ ਭਲਾ ਹੋਣਾ ਸੀ ਅਤੇ ਸ਼ਹਿਰ ਮੋਹਾਲੀ ਦੀ ਅੰਤਰਰਾਸ਼ਟਰੀ ਪੱਧਰ 'ਤੇ ਸਾਫ-ਸਫਾਈ ਪੱਖੋਂ ਇਕ ਵੱਖਰੀ ਪਛਾਣ ਬਣਨੀ ਸੀ ਪਰ ਬਲਬੀਰ ਸਿੰਘ ਸਿੱਧੂ ਨੇ ਬਿਨਾਂ ਕਿਸੇ ਕਾਰਣ ਇਸ ਮਸ਼ੀਨ ਨੂੰ ਸ਼ਹਿਰ 'ਚ ਚਾਲੂ ਹੋਣ ਤੋਂ ਰੋਕਿਆ ਹੋਇਆ ਹੈ, ਜੋ ਕਿ ਕਿਸੇ ਵੀ ਪੱਖੋਂ ਵਾਜਬ ਨਹੀਂ ਹੈ। ਸਾਬਕਾ ਮੇਅਰ ਨੇ ਕਿਹਾ ਕਿ ਇਸ ਮਸ਼ੀਨ ਦਾ ਆਰਡਰ ਸ਼ਹਿਰ ਦੇ ਪਤਵੰਤੇ ਅਤੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ (ਕੌਂਸਲਰਾਂ) ਨਾਲ ਸਲਾਹ-ਮਸ਼ਵਰਾ ਕਰਨ ਦੌਰਾਨ ਬਕਾਇਦਾ ਮਤਾ ਪਾਸ ਕਰ ਕੇ ਦਿੱਤਾ ਗਿਆ ਸੀ ਅਤੇ ਇਸ ਇਕ ਕਰੋੜ 75 ਲੱਖ ਰੁਪਏ ਦੇ ਕਰੀਬ ਵਾਲੀ ਮਸ਼ੀਨ ਦਾ ਕੰਪਨੀ ਨੂੰ ਬਕਾਇਦਾ 90 ਲੱਖ ਰੁਪਏ ਦੀ ਅਦਾਇਗੀ ਵੀ ਮੋਹਾਲੀ ਕਾਰਪੋਰੇਸ਼ਨ ਵਲੋਂ ਹੋ ਚੁੱਕੀ ਹੈ, ਫਿਰ ਇਸ ਮਸ਼ੀਨ ਨੂੰ ਮੋਹਾਲੀ 'ਚ
ਦਰ ਚਾਲੂ ਹੋਣ ਤੋਂ ਰੋਕਿਆ ਗਿਆ ਜੋ ਕਿ ਸਰਾਸਰ ਗਲਤ ਹੈ।
 


Babita

Content Editor

Related News