ਪੰਜਾਬ ਚੋਣਾਂ ਤੋਂ ਬਾਅਦ ਵੀ ਖਤਮ ਨਹੀਂ ਹੋਈ ''ਅਕਾਲੀ ਦਲ'' ਦੀ ਪ੍ਰੀਖਿਆ, ਸਰਦਾਰੀ ਲਈ ਦਿੱਲੀ ਕੂਚ ਕਰੇਗਾ

02/07/2017 11:51:59 AM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ''ਚ ਪਸੀਨਾ ਵਹਾਉਣ ਤੋਂ ਬਾਅਦ ਬੇਸ਼ੱਕ ਹੀ ਦੂਜੀਆਂ ਪਾਰਟੀਆਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਆਉਣ ਵਾਲੇ ਨਤੀਜਿਆਂ ''ਤੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੀਖਿਆ ਅਜੇ ਖਤਮ ਨਹੀਂ ਹੋਈ। ਪੰਜਾਬ ਚੋਣਾਂ ਵਿਚ ਤਿਕੋਣਾ ਮੁਕਾਬਲਾ ਝੱਲਣ ਤੋਂ ਬਾਅਦ ਉਸ ਨੇ ਫਰਵਰੀ ਮਹੀਨੇ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਹੁਣ ਤਕ ਕਮੇਟੀ ਦੀ ਸੱਤਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ (ਸਰਨਾ ਦਲ) ਹੀ ਮੁੱਖ ਦਾਅਵੇਦਾਰ ਪਾਰਟੀਆਂ ਸਨ ਪਰ ਇਸ ਵਾਰ ''ਆਮ ਆਦਮੀ ਪਾਰਟੀ'' ਦੀ ਅਗਵਾਈ ਵਾਲਾ ਪੰਥਕ ਸੇਵਾ ਦਲ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਕਾਲ ਸਹਾਏ ਵੈੱਲਫੇਅਰ ਸੋਸਾਇਟੀ ਅਤੇ ਆਮ ਅਕਾਲੀ ਦਲ ਵੀ ਮੈਦਾਨ ਵਿਚ ਹੋਣਗੇ।  
ਹਰ ਚੋਣਾਂ ਦੌਰਾਨ ਘੱਟ ਰਹੇ ਹਨ ਵੋਟਰ
ਦਿੱਲੀ ''ਚ ਸਿੱਖੀ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਗਿਣਤੀ 8.10 ਲੱਖ ਦੇ ਲਗਭਗ ਹੈ। ਇਨ੍ਹਾਂ ''ਚੋਂ ਸਿੱਖ ਵੋਟਰਾਂ ਦੀ ਗਿਣਤੀ 5 ਲੱਖ ਦੇ ਕਰੀਬ ਹੈ। ਪਿਛਲੀਆਂ ਚੋਣਾਂ ''ਚ 4 ਲੱਖ ਵੋਟਰ ਸਨ ਪਰ ਇਸ ਵਾਰ ਦੀ ਵੋਟਰ ਸੂਚੀ ''ਚ 3 ਲੱਖ 80 ਹਜ਼ਾਰ 91 ਵੋਟਰ ਹਨ। ਇਨ੍ਹਾਂ ''ਚ 1 ਲੱਖ 92 ਹਜ਼ਾਰ 691 ਮਰਦ ਵੋਟਰ ਅਤੇ 1 ਲੱਖ 87 ਹਜ਼ਾਰ 400 ਮਹਿਲਾ ਵੋਟਰ ਹਨ। ਇਹ ਅੰਕੜਾ 26 ਦਸੰਬਰ 2016 ਤਕ ਦਾ ਹੈ। 
ਇਹ ਹੈ ਚੋਣ ਪ੍ਰੋਗਰਾਮ
ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 8 ਫਰਵਰੀ 2017 ਤੈਅ ਕੀਤੀ ਗਈ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 9 ਫਰਵਰੀ ਨੂੰ ਹੋਵੇਗੀ। 11 ਫਰਵਰੀ ਤਕ ਉਮੀਦਵਾਰ ਆਪਣਾ ਨਾਂ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ 26 ਫਰਵਰੀ 2017 ਨੂੰ ਵੋਟਿੰਗ ਹੋਵੇਗੀ। ਵੋਟਰਾਂ ਦੀ ਸਹੂਲਤ ਲਈ ਐਤਵਾਰ ਦਾ ਦਿਨ ਚੁਣਿਆ ਗਿਆ ਹੈ। ਵੋਟਿੰਗ ਦੇ ਠੀਕ 3 ਦਿਨ ਬਾਅਦ 1 ਮਾਰਚ 2017 ਨੂੰ ਬਾਅਦ ਦੁਪਹਿਰ ਚੋਣ ਨਤੀਜੇ ਐਲਾਨੇ ਜਾਣਗੇ। ਇਸ ਨਾਲ ਹੀ 2 ਮਾਰਚ 2017 ਨੂੰ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ। 
46 ਵਾਰਡਾਂ ਲਈ 560 ਬੂਥ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ 46 ਵਾਰਡਾਂ ਵਿਚ ਜ਼ੋਰ ਅਜਮਾਇਸ਼ ਹੋਵੇਗੀ। ਵੋਟਿੰਗ ਸ਼ਾਂਤੀਪੂਰਵਕ ਹੋ ਸਕੇ, ਇਸ ਲਈ ਕੁੱਲ 560 ਬੂਥ ਬਣਾਏ ਗਏ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਨਿਰਦੇਸ਼ਕ ਸੂਰਬੀਰ ਸਿੰਘ ਨੇ ਇਸ ਬਾਰੇ ਸੋਮਵਾਰ ਨੂੰ ਚੋਣ ਦੀਆਂ ਤਰੀਕਾਂ ਵੈੱਬਸਾਈਟਾਂ ''ਤੇ ਪਾ ਦਿੱਤੀਆਂ ਹਨ। ਵੈੱਬਸਾਈਟ ਅਤੇ ਹੋਰ ਮਾਧਿਅਮਾਂ ਨਾਲ ਸੂਚਨਾ ਦੇ ਬਾਅਦ ਚੋਣ ਲੜਨ ਦੇ ਇੱਛੁਕਾਂ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। 
ਇਸ ਵਾਰ ਦੇਰ ਨਾਲ ਸ਼ੁਰੂ ਹੋਣਗੀਆਂ ਚੋਣਾਂ
ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਇਕ ਮਹੀਨਾ ਦੇਰ ਨਾਲ ਸ਼ੁਰੂ ਹੋਵੇਗੀ। ਪਿਛਲੀ ਵਾਰ 2013 ਦੀਆਂ ਚੋਣਾਂ 27 ਜਨਵਰੀ ਨੂੰ ਹੋਈਆਂ ਸਨ। ਇਸ ਦਾ ਚੋਣ ਨਤੀਜਾ ਵੀ 30 ਜਨਵਰੀ 2013 ਨੂੰ ਆਇਆ ਸੀ। ਚੋਣਾਂ ਦਾ ਐਲਾਨ ਪਿਛਲੇ ਹਫਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੋਂ ਮਨਜ਼ੂਰੀ ਦੇ ਬਾਅਦ ਕੀਤਾ ਗਿਆ। ਚੋਣਾਂ ਦੀਆਂ ਤਰੀਕਾਂ ਦੇ ਜਨਤਕ ਹੁੰਦੇ ਹੀ ਸਿੱਖ ਸਿਆਸਤ ਗਰਮਾ ਗਈ ਹੈ।
 

Babita Marhas

News Editor

Related News