ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਵਿੱਤ ਮੰਤਰੀ ਹਰਪਾਲ ਚੀਮਾ ਦੀ ਬਰਖ਼ਾਸਤੀ ਦੀ ਮੰਗ, ਜਾਣੋ ਪੂਰਾ ਮਾਮਲਾ

Friday, Nov 18, 2022 - 07:27 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਵਿਕਾਸ ਕਾਰਜਾਂ ਦੇ ਨਾਲ-ਨਾਲ ਸਥਾਪਿਤ ਕੀਤੇ ਪੂੰਜੀਗਤ ਅਸਾਸਿਆਂ ਦੀ ਸੂਚੀ ਜਾਰੀ ਕਰੇ। ਸੂਚੀ ਰਾਹੀਂ 'ਆਪ' ਸਰਕਾਰ ਮੌਜੂਦਾ ਵਿੱਤੀ ਸਾਲ ਵਿਚ 9 ਮਹੀਨਿਆਂ ਵਿਚ ਲਏ 39200 ਕਰੋੜ ਰੁਪਏ ਦੇ ਕਰਜ਼ੇ ਨੂੰ ਵਾਜਬ ਸਾਬਤ ਕਰੇ ਜਦੋਂ ਕਿ ਸਰਕਾਰ ਨੇ ਤੀਜੀ ਤਿਮਾਹੀ ਵਿਚ 14700 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣਾ ਹੈ।

ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਲਗਾਤਾਰ ਕਰਜ਼ਾ ਚੁੱਕ ਰਹੀ ਹੈ ਜਦੋਂ ਕਿ ਇਸ ਕੋਲ ਪੂੰਜੀਗਤ ਸਿਰਜਣਾ ਵਿਖਾਉਣ ਲਈ ਕੱਖ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ ਤੇ ਜ਼ਮੀਨੀ ਪੱਧਰ ’ਤੇ ਕੋਈ ਬੁਨਿਆਦੀ ਢਾਂਚਾ ਕਾਇਮ ਨਹੀਂ ਕੀਤਾ ਗਿਆ। ਮੁੱਖ ਮੰਤਰੀ ਪੰਜਾਬੀਆਂ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਚੁੱਕੇ ਕਰਜ਼ੇ ਦਾ ਪੈਸਾ ਕਿਥੇ ਖਰਚਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਅੰਬਾਨੀ-ਅਡਾਨੀ ਨੂੰ ਛੱਡ ਸਾਰੇ ਦਿੱਗਜਾਂ ਨੂੰ ਹੋਇਆ ਭਾਰੀ ਘਾਟਾ, Elon Musk ਦੇ ਵੀ 89 ਅਰਬ ਡਾਲਰ ਡੁੱਬੇ

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਪ ਸਰਕਾਰ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰ ਰਹੀ ਹੈ ਤੇ ਖਾਸ ਤੌਰ ’ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਜਿਥੇ ਚੋਣਾਂ ਹੋਣੀਆਂ ਹਨ, ਉੱਥੇ ਇਹ ਪੈਸਾ ਖਰਚ ਕੀਤਾ ਜਾ ਰਿਹਾ ਜਿਸ ਦਾ ਭਾਰ ਪੰਜਾਬ ਦੇ ਕਰ ਦਾਤਿਆਂ ’ਤੇ ਪੈ ਰਿਹਾ ਹੈ ਪਰ ਆਪ ਸਰਕਾਰ ਇਹ ਪੈਸਾ ਦੇਸ਼ ਭਰ ਵਿਚ ਵਰਤ ਰਹੀ ਹੈ। ਆਪ ਸਰਕਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਖੜ੍ਹੇ ਕੀਤੇ ਵਿੱਤੀ ਸੰਕਟ ਨੁੰ ਹੋਰ ਗੰਭੀਰ ਬਣਾ ਰਹੀ ਹੈ, ਕਰਜ਼ਾ ਚੁੱਕਣ ਦੀ ਦਰ ਵੱਧ ਗਈ ਹੈ। ਸੂਬੇ ਵਿਚ ਜੀ. ਐੱਸ. ਟੀ. ਦੀਆਂ ਪ੍ਰਾਪਤੀਆਂ ਘਟੀਆਂ ਹਨ ਤੇ ਨਾਲ ਹੀ ਅਸ਼ਟਾਮ ਡਿਊਟੀ ਤੇ ਪ੍ਰਾਪਰਟੀ ਦੀ ਰਜਿਸਟਰੇਸ਼ਨ ਤੋਂ ਹੁੰਦੀ ਆਮਦਨ ਵੀ ਘਟੀ ਹੈ। ਉੱਧਰ, ਮਾਲੀਆ ਖਰਚ ਵੱਧ ਗਿਆ ਹੈ ਜਿਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਸੂਬੇ ਦੇ ਵਿੱਤੀ ਪ੍ਰਬੰਧ ਅਸਲ ਵਿਚ ਕੁਪ੍ਰਬੰਧ ਸਾਬਤ ਹੋ ਰਹੇ ਹਨ।

ਵਿੱਤ ਮੰਤਰੀ ਹਰਪਾਲ ਚੀਮਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮਸਲੇ ਦਾ ਹੱਲ ਕਰਨ ਦੀ ਥਾਂ ਵਿੱਤ ਮੰਤਰੀ ਆਪਣੀਆਂ ਅਸਫ਼ਲਤਾਵਾਂ ’ਤੇ ਪਰਦਾ ਪਾਉਣ ਵਾਸਤੇ ਵਿੱਤੀ ਅੰਕੜੇ ਟਵੀਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚੀਮਾ ਨੇ ਜੀ. ਐੱਸ. ਟੀ. ਅੰਕੜਿਆਂ ਵਿਚ ਵਾਧਾ ਦਰਸਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਜਦੋਂ ਕਿ ਸੱਚਾਈ ਇਹ ਹੈ ਕਿ ਜੀ. ਐੱਸ. ਟੀ. ਆਮਦਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੀਮਾ ਨੇ 11464 ਕਰੋੜ ਰੁਪਏ ਦਾ ਮੁਨਾਫਾ ਦਰਸਾ ਕੇ 10604 ਕਰੋੜ ਰੁਪਏ ਦਾ ਵਾਧਾ ਵਿਖਾਉਣ ਲਈ ਅੰਕੜਿਆਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਦੋਂ ਕਿ ਅਸਲ ਵਿਚ ਪ੍ਰਾਪਤੀਆਂ ਸਿਰਫ 1760 ਕਰੋੜ ਰੁਪਏ ਦੀਆਂ ਹੋਈਆਂ ਹਨ। ਉਹਨਾਂ ਕਿਹਾਕਿ  ਇਹ ਵੀ ਸੱਚਾਈ ਹੈ ਕਿ ਸਰਕਾਰ ਕਰਜ਼ੇ ਮੋੜਨ ਵਾਸਤੇ ਮੁੜ ਕਰਜ਼ੇ ਚੁੱਕ ਰਹੀ ਹੈ ਜਦੋਂ ਕਿ ਪੂੰਜੀਗਤ ਖਰਚੇ ’ਤੇ ਪੈਸੇ ਨਹੀਂ ਖਰਚ ਕਰ ਰਹੀ।  ਉਨ੍ਹਾਂ ਕਿਹਾ ਕਿ  ਕੁੱਲ ਕਰਜ਼ਿਆਂ ਦਾ 68 ਫੀਸਦੀ ਸੂਬੇ ਦੇ 3.05 ਲੱਖ ਕਰੋੜ ਰੁਪਏ ਦੇ ਕਰਜ਼ੇ ’ਤੇ ਵਿਆਜ਼ ਦੀ ਅਦਾਇਗੀ ’ਤੇ ਖਰਚ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਹਰੀ ਝੰਡੀ

ਗਰੇਵਾਲ ਨੇ ਕਿਹਾ ਕਿ ਇਸ ਸਭ ਦਾ ਅਰਥ ਸੂਬੇ ਦੇ ਅਰਥਚਾਰੇ ’ਤੇ ਪੈ ਰਿਹਾ ਹੈ ਤੇ ਸੂਬੇ ਵਿਚ ਕੋਈ ਨਿਵੇਸ਼ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਘਰੇਲੂ ਉਦਯੋਗ ਵੀ ਪੰਜਾਬ ਤੋਂ ਬਾਹਰ ਜਾਣ ਨੂੰ ਤਰਜੀਹ ਦੇ ਰਿਹਾ ਹੈ ਜਿਸ ਕਾਰਨ ਪੰਜਾਬ ਵਿਚ ਬੇਰੋਜ਼ਗਾਰੀ ਹੋਰ ਵੱਧ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News