ਜਾਖੜ ਨੇ ਕੈਪਟਨ ਦੇ ਮਜੀਠੀਆ ਸੰਬੰਧੀ ਬਿਆਨ ਦੀ ਕੀਤੀ ਹਮਾਇਤ
Sunday, Oct 29, 2017 - 08:47 AM (IST)
ਜਲੰਧਰ/ਚੰਡੀਗੜ੍ਹ (ਧਵਨ, ਭੁੱਲਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੁਝ ਕਾਂਗਰਸੀ ਵਿਧਾਇਕਾਂ ਵਲੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਡਰੱਗ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਿਨਾਂ ਸਬੂਤਾਂ ਦੇ ਕਾਰਵਾਈ ਨਹੀਂ ਹੋਵੇਗੀ।
ਮਜੀਠੀਆ ਵਿਰੁੱਧ ਦੋਸ਼ ਤਾਂ ਹਨ ਪਰ ਅਦਾਲਤ ਵਿਚ ਸਬੂਤਾਂ ਤੋਂ ਬਿਨਾਂ ਸਜ਼ਾ ਨਹੀਂ ਦਿਵਾਈ ਜਾ ਸਕਦੀ। ਕਾਂਗਰਸ 2002 ਵਿਚ ਚੁੱਕੇ ਗਏ ਕਦਮਾਂ ਨੂੰ ਨਹੀਂ ਦੋਹਰਾਉਣਾ ਚਾਹੁੰਦੀ ਕਿਉਂਕਿ ਉਦੋਂ ਕਈ ਅਕਾਲੀ ਨੇਤਾ ਅਦਾਲਤ ਵਿਚ ਜਾ ਕੇ ਬਰੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਨੇਰੇ ਵਿਚ ਧੱਕਣ ਲਈ ਜ਼ਿੰਮੇਵਾਰ ਨੇਤਾਵਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਪ੍ਰਕਾਸ਼ ਸਿੰਘ ਬਾਦਲ ਵਲੋਂ ਕੋਲਿਆਂਵਾਲੀ ਵਿਰੁੱਧ ਦਰਜ ਮਾਮਲੇ ਵਿਚ ਦਖਲ ਦੇਣ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਨੂੰ ਜਾਂਚ ਪ੍ਰਕਿਰਿਆ ਵਿਚ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕੈਪਟਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸਿਆਸੀ ਮੰਦਭਾਵਨਾ ਨਾਲ ਕੋਈ ਵੀ ਕਦਮ ਅਜੇ ਤਕ ਨਹੀਂ ਚੁੱਕਿਆ।
