''ਸਿੱਖ ਪੰਥ'' ਨੂੰ ਵੱਖਰੇ ਧਰਮ ਦਾ ਦਰਜਾ ਦਿਵਾਉਣ ਲਈ ਛੇੜੀ ਮੁਹਿੰਮ
Wednesday, Jan 03, 2018 - 03:37 PM (IST)
ਚੰਡੀਗੜ੍ਹ : ਭਾਰਤੀ ਸੰਵਿਧਾਨ 'ਚ ਸਿੱਖ ਪੰਥ ਨੂੰ ਵੱਖਰੇ ਧਰਮ ਦੇ ਤੌਰ 'ਤੇ ਦਰਜਾ ਦਿਵਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਮੁਹਿੰਮ ਛੇੜ ਦਿੱਤੀ ਹੈ। ਇਨ੍ਹਾਂ 'ਚ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ। ਅਕਾਲੀ ਦਲ ਦੇ ਸਾਂਸਦ ਅਤੇ ਡੀ. ਜੀ. ਐੱਮ. ਸੀ. ਦੇ ਅਹੁਦਾ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਮਿਲੇ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਿਵੰਦਰ ਸਿੰਘ ਭੂੰਦੜ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਸ਼ਾਮਲ ਸਨ। ਜੀ. ਕੇ. ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਸਾਨੂੰ ਸਿੱਖ ਨਹੀਂ ਮੰਨਦਾ, ਇਸ ਲਈ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਸੰਵਿਧਾਨ 'ਚ ਸੋਧ ਕਰਾਉਣ ਦੀ ਲੜਾਈ ਲੜ ਰਿਹਾ ਹੈ। 1950 ਦੇ ਦਹਾਕੇ 'ਚ ਸੰਵਿਧਾਨ ਸਭਾ 'ਚ ਮੌਜੂਦ ਅਕਾਲੀ ਦਲ ਦੇ ਦੋਹਾਂ ਪ੍ਰਤੀਨਿਧੀਆਂ ਭੁਪਿੰਦਰ ਸਿੰਘ ਮਾਨ ਅਤੇ ਹੁਕਮ ਸਿੰਘ ਨੇ ਇਸੇ ਕਾਰਨ ਹੀ ਸੰਵਿਧਾਨ ਦੇ ਮਸੌਦੇ 'ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ 1990 ਦੇ ਦਹਾਕੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਨੇ ਦਿੱਲੀ 'ਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਸੰਵਿਧਾਨ ਦੀ ਕਾਪੀ ਸਾੜੀ ਸੀ। ਜੀ. ਕੇ. ਨੇ ਕਿਹਾ ਕਿ ਰਾਜ ਸਭਾ 'ਚ ਤ੍ਰਿਲੋਚਨ ਸਿੰਘ ਅਤੇ ਲੋਕ ਸਭਾ 'ਚ ਉਸ ਸਮੇਂ ਦੇ ਅਕਾਲੀ ਸਾਂਸਦ ਰਤਨ ਸਿੰਘ ਅਜਨਾਲਾ ਵੀ ਸੰਵਿਧਾਨਕ ਸੋਧ ਲਈ ਪ੍ਰਾਈਵੇਟ ਬਿੱਲ ਪੇਸ਼ ਕਰ ਚੁੱਕੇ ਹਨ, ਜਿਸ ਨੂੰ ਉਸ ਸਮੇਂ ਦੀ ਸਪੀਕਰ ਮੀਰਾ ਕੁਮਾਰੀ ਨੇ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਲੋੜ ਪੈਣ 'ਤੇ ਇਸ ਮਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ।
