ਸੜਕ ਦੇ ਉਦਘਾਟਨ ਨੂੰ ਲੈ ਕੇ ਬੈਂਸ ਸਮਰਥਕਾਂ ਤੇ ਅਕਾਲੀ ਕੌਂਸਲਰ ''ਚ ਹੋਇਆ ਟਕਰਾਅ
Sunday, Jun 11, 2017 - 07:55 AM (IST)
ਲੁਧਿਆਣਾ(ਹਿਤੇਸ਼)-ਵਾਰਡ ਨੰ. 60 ਦੇ ਅਧੀਨ ਆਉਂਦੇ ਇਲਾਕੇ ਗੁਰੂ ਗਿਆਨ ਵਿਹਾਰ 'ਚ ਪ੍ਰਧਾਨਗੀ ਨੂੰ ਲੈ ਕੇ ਪਹਿਲਾਂ ਤੋਂ ਚੱਲ ਰਿਹਾ ਵਿਵਾਦ ਹੁਣ ਤਕ ਸ਼ਾਂਤ ਨਹੀਂ ਹੋਇਆ ਸੀ ਕਿ ਸੜਕ ਦੇ ਉਦਘਾਟਨ ਨੂੰ ਲੈ ਕੇ ਬੈਂਸ ਸਮਰਥਕਾਂ ਅਤੇ ਅਕਾਲੀ ਕੌਂਸਲਰ 'ਚ ਟਕਰਾਅ ਹੋ ਗਿਆ। ਕੌਂਸਲਰ ਜਸਵਿੰਦਰ ਭੋਲਾ ਨੇ ਦਾਅਵਾ ਕੀਤਾ ਕਿ ਇਲਾਕੇ 'ਚ ਸੜਕਾਂ ਦੇ ਨਿਰਮਾਣ ਦਾ ਐਸਟੀਮੇਟ ਉਨ੍ਹਾਂ ਨੇ ਪਾਸ ਕਰਵਾ ਕੇ ਵਰਕ ਆਰਡਰ ਜਾਰੀ ਕਰਵਾਇਆ ਹੈ, ਜਦਕਿ ਬੈਂਸ ਸਮਰਥਕਾਂ ਵਲੋਂ ਉਸ ਤੋਂ ਉਦਘਾਟਨ ਕਰਵਾਉਣ ਦੇ ਲਈ ਆਪਣੇ ਤੌਰ 'ਤੇ ਹੀ ਪੱਥਰ ਬਣਵਾ ਕੇ ਲਾ ਦਿੱਤਾ ਹੈ। ਇਸਦੀ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਵਿਰੋਧ ਕੀਤਾ ਤਾਂ ਬੈਂਸ ਸਮਰਥਕ ਉਨ੍ਹਾਂ ਨਾਲ ਉਲਝਣ ਲੱਗੇ। ਜਦਕਿ ਬੈਂਸ ਸਮਰਥਕਾਂ ਦਾ ਦੋਸ਼ ਹੈ ਕਿ ਕੌਂਸਲਰ ਅਤੇ ਉਸ ਦੇ ਸਾਥੀਆਂ ਨੇ ਉਦਘਾਟਨੀ ਪੱਥਰ ਤੋੜਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਤਕਰਾਰ ਹੋਇਆ ਹੈ।
