ਅਕਾਲੀ ਦਲ ਵੱਲੋਂ ਰਵਨੀਤ ਬਿੱਟੂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ, ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

Thursday, Jun 17, 2021 - 02:15 PM (IST)

ਅਕਾਲੀ ਦਲ ਵੱਲੋਂ ਰਵਨੀਤ ਬਿੱਟੂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ, ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

ਲੁਧਿਆਣਾ (ਨਰਿੰਦਰ) : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਕਾਰ ਗੱਠਜੋੜ ਦਾ ਅਸਰ ਹੁਣ ਜ਼ਮੀਨੀ ਪੱਧਰ 'ਤੇ ਵਿਖਾਈ ਦੇਣ ਲੱਗਾ ਹੈ। ਅੱਜ ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਖ਼ਿਲਾਫ਼ ਅਕਾਲੀ ਦਲ ਵੱਲੋਂ ਪੁਲਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਦਿੱਤੀ ਗਈ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਰਵਨੀਤ ਬਿੱਟੂ ਦੇ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਯਤਨ ਕੀਤਾ ਹੈ।

ਅਕਾਲੀ-ਬਸਪਾ ਆਗੂਆਂ ਨੇ ਕਿਹਾ ਕਿ ਰਵਨੀਤ ਬਿੱਟੂ 'ਤੇ ਐੱਸ. ਸੀ./ਐੱਸ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਵੱਲੋਂ ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ, ਪਵਨ ਕੁਮਾਰ ਟੀਨੂੰ, ਰਣਜੀਤ ਢਿੱਲੋਂ, ਸ਼ਰਨਜੀਤ ਢਿੱਲੋਂ ਅਤੇ ਹੋਰ ਵੀ ਕਈ ਸੀਨੀਅਰ ਲੀਡਰਸ਼ਿਪ ਇਸ ਦੌਰਾਨ ਮੌਜੂਦ ਰਹੀ। ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਵਨੀਤ ਬਿੱਟੂ ਖ਼ੁਦ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣਾਂ ਲੜ ਚੁੱਕੇ ਹਨ ਅਤੇ ਸਾਇਦ ਉਹ ਖ਼ੁਦ ਹੀ ਉੱਥੋਂ ਦਾ ਇਤਿਹਾਸ ਭੁੱਲ ਗਏ ਹਨ।

ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦੇ ਬਿਆਨ ਦੀ ਅਕਾਲੀ-ਬਸਪਾ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ ਦੀ ਹੈ, ਇਸ ਕਰਕੇ ਪੁਲਸ ਕਮਿਸ਼ਨਰ ਨੂੰ ਇਸ ਵਿਚ ਟਾਲ-ਮਟੋਲ ਨਹੀਂ ਕਰਨੀ ਚਾਹੀਦਾ, ਸਗੋਂ ਤੁਰੰਤ ਰਵਨੀਤ ਬਿੱਟੂ 'ਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਧਰ ਦੂਜੇ ਪਾਸੇ ਬਸਪਾ ਦੇ ਪੰਜਾਬ ਜਨਰਲ ਸਕੱਤਰ ਗੁਰਮੇਲ ਸਿੰਘ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਸ ਕਰਕੇ ਉਹ ਅਜਿਹੀ ਬੇਤੁਕੀ ਬਿਆਨਬਾਜ਼ੀ ਕਰਦੇ ਹਨ, ਇਸ ਲਈ ਪੁਲਸ ਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। 
 


author

Babita

Content Editor

Related News