ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਿਰਾਸ ਅਕਾਲੀਆਂ ਨੇ ਘੱਤੀਆਂ ਕਾਂਗਰਸ ਵੱਲ ਵਹੀਰਾਂ

Tuesday, Sep 12, 2017 - 05:41 PM (IST)

ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਿਰਾਸ ਅਕਾਲੀਆਂ ਨੇ ਘੱਤੀਆਂ ਕਾਂਗਰਸ ਵੱਲ ਵਹੀਰਾਂ

ਬਾਘਾਪੁਰਾਣਾ (ਚਟਾਨੀ, ਮੁਨੀਸ਼) - ਸੱਤਾਹੀਣ ਹੁੰਦਿਆਂ ਹੀ ਅਕਾਲੀ ਦਲ ਦੇ ਯੂਥ ਵਿੰਗ ਦੀਆਂ ਤੁਰੰਤ ਠੱਪ ਹੋਈਆਂ ਗਤੀਵਿਧੀਆਂ ਤੋਂ ਨਿਰਾਸ਼ ਜਵਾਨਾਂ ਵਲੋਂ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਕਾਂਗਰਸ ਪਾਰਟੀ ਵੱਲ ਵਹੀਰਾਂ ਘੱਤੀਆਂ ਜਾ ਰਹੀਆਂ ਹਨ। ਜ਼ਿਲਾ ਮੋਗਾ ਦੇ ਬਾਘਾਪੁਰਾਣਾ ਹਲਕੇ 'ਚ ਇਹ ਸਿਲਸਿਲਾ ਪਿਛਲੇ ਪੰਜ ਮਹੀਨਿਆਂ ਤੋਂ ਨਿਰੰਤਰ ਜਾਰੀ ਹੈ। ਘੋਲੀਆ, ਸਮਾਲਸਰ, ਬਾਘਾਪੁਰਾਣਾ ਰੂਰਲ, ਨੱਥੋਕੇ, ਫੂਲੇਵਾਲਾ ਦੇ ਅਕਾਲੀ ਦਲ ਦੇ ਵਰਕਰਾਂ ਤੋਂ ਬਾਅਦ ਬੀਤੇ ਕੱਲ ਪਿੰਡ ਮਾਹਲਾ ਕਲਾਂ ਦੇ ਕਰੀਬ 53 ਨੌਜਵਾਨਾਂ ਨੇ ਅਕਾਲੀ ਦਲ ਨੂੰ 'ਸਤਿ ਸ੍ਰੀ ਅਕਾਲ' ਆਖਦਿਆਂ ਕਾਂਗਰਸ 'ਚ ਸ਼ਮੂਲੀਅਤ ਕੀਤੀ। ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਦੇ ਯਤਨਾਂ ਸਦਕਾ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਦੀ ਅਗਵਾਈ 'ਚ ਕਾਂਗਰਸ ਦਾ ਪੱਲਾ ਫੜ੍ਹਣ ਵਾਲੇ ਗੁਰਜੀਤ ਸਿੰਘ, ਗੌਰਵ ਸ਼ਰਮਾ, ਜੀਤਾ ਸਿੰਘ, ਬੂਟਾ ਸਿੰਘ, ਗੁਰਤੇਜ ਸਿੰਘ, ਕੁਲਵੰਤ ਸਿੰਘ, ਪਰਮਜੀਤ ਪੰਮਾ, ਕਾਲਾ ਸਿੰਘ ਅਤੇ ਲੱਖਾ ਸਿੰਘ ਦੇ ਸਾਥੀਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਲੰਮਾ ਸਮਾਂ ਅਕਾਲੀ ਦਲ ਦੀ ਸੇਵਾ ਕੀਤੀ ਪਰ ਦਲ ਦੀਆਂ ਘਾਤਕ ਨੀਤੀਆਂ ਅਤੇ ਹੁਣ ਸੱਤਾ ਦੇ ਖੁੱਸ ਜਾਣ ਤੋਂ ਬਾਅਦ ਇਸ ਦੀ ਮੋਹਰਲੀ ਕਤਾਰ ਦੀ ਲੀਡਰਸ਼ਿਪ ਨੇ ਵਰਕਰਾਂ ਦੀ ਬਾਂਹ ਫੜ੍ਹਣ ਤੋਂ ਅਸਲੋਂ ਟਾਲਾ ਵੱਟ ਜਾਣ ਕਾਰਨ ਉਹ ਅਕਾਲੀ ਦਲ ਨੂੰ ਸਦਾ ਲਈ ਅਲਵੀਦਾ ਆਖ ਰਹੇ ਹਨ। ਸ਼ਮੂਲੀਅਤ ਕਰਨ ਵਾਲੇ ਨੌਜਵਾਨਾਂ ਨੇ ਯੂਥ ਆਗੂ ਕਮਲਜੀਤ ਸਿੰਘ ਬਰਾੜ ਦੀ ਹਰੇਕ ਵਰਕਰ ਨਾਲ ਨੇੜਲੀ ਸਾਂਝ ਰੱਖਣ, ਦੁੱਖ ਸੁੱਖ 'ਚ ਸ਼ਾਮਲ ਹੋਣ ਅਤੇ ਸਮਾਜਿਕ ਗਤੀਵਿਧੀਆਂ 'ਚ ਸਰਗਰਮ ਭੂਮਿਕਾ ਨੂੰ ਕਾਂਗਰਸ ਨਾਲ ਜੁੜਣ ਦਾ ਮੁੱਖ ਕਾਰਨ ਦੱਸਿਆ। ਪਾਰਟੀ 'ਚ ਸ਼ਾਮਲ ਹੋਣ ਵਾਲੇ ਜਵਾਨਾਂ ਨੂੰ ਸਿਰੋਪਾਓ ਦੇ ਕੇ ਜੀ ਆਇਆ ਆਖਦਿਆਂ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਰਾਜਨੀਤਿਕ ਪਲੇਟਫਾਰਮ ਤੋਂ ਦੇਸ਼ ਅੰਦਰ ਆਰਥਿਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣਾ ਹੀ ਪਾਰਟੀ ਦਾ ਮੁੱਖ ਮਕਸਦ ਹੈ ਅਤੇ ਇਸ ਮਿਸ਼ਨ ਦੀ ਪੂਰਤੀ ਲਈ ਨੌਜਵਾਨਾਂ ਦੀ ਸ਼ਮੂਲੀਅਤ ਜ਼ਰੂਰੀ ਹੈ।


Related News