ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਣ ਦਾ ਡਰਾਮਾ ਨਾ ਕਰੇ ਅਕਾਲੀ ਦਲ : ਸੁਖਜਿੰਦਰ ਰੰਧਾਵਾ

Monday, Jan 20, 2020 - 11:30 PM (IST)

ਚੰਡੀਗੜ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਆਪਣੇ ਭਾਈਵਾਲ ਅਕਾਲੀ ਦਲ ਨੂੰ ਇਕ ਵੀ ਸੀਟ ਨਾ ਦੇਣ ਤੋਂ ਬਾਅਦ ਆਪਣੀ ਕਿਰਕਿਰੀ ਦੇ ਡਰੋਂ ਚੋਣਾਂ ਨਾ ਲੜਨ ਦੇ ਅਕਾਲੀ ਦਲ ਦੇ ਫੈਸਲੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਨੇ ਕਿਹਾ ਕਿ ਬਾਦਲਾਂ ਤੇ ਮਜੀਠੀਆ ਪਰਿਵਾਰ ਨੇ ਅਕਾਲੀ ਦਲ ਨੂੰ 'ਖਾਲੀ ਦਲ' ਬਣਾ ਦਿੱਤਾ।

ਅੱਜ ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸ. ਰੰਧਾਵਾ, ਸੰਸਦ ਮੈਂਬਰ ਮੁਹੰਮਦ ਸਦੀਕ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਪਰਗਟ ਸਿੰਘ, ਨੱਥੂ ਰਾਮ, ਕੁਲਬੀਰ ਸਿੰਘ ਜ਼ੀਰਾ, ਪ੍ਰੀਤਮ ਸਿੰਘ ਕੋਟਭਾਈ, ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਅਵਤਾਰ ਸਿੰਘ ਹੈਨਰੀ ਜੂਨੀਅਰ ਨੇ ਕਿਹਾ ਕਿ ਪੰਜਾਬ ਵਿੱਚ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਭਾਜਪਾ ਨੇ ਪਹਿਲਾਂ ਹਰਿਆਣਾ ਅਤੇ ਹੁਣ ਦਿੱਲੀ ਵਿੱਚ ਕੋਈ ਸੀਟ ਨਾ ਦੇ ਕੇ ਉਸ ਦੀ ਔਕਾਤ ਵਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਵੱਲੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦੀ ਕੇਂਦਰੀ ਮੰਤਰੀ ਦੇ ਪਦ ਨੂੰ ਬਚਾਉਣ ਲਈ ਦਿੱਲੀ ਚੋਣਾਂ ਨਾ ਲੜਨ ਦੇ ਫੈਸਲੇ ਨਾਲ ਅਕਾਲੀ ਦਲ ਪਾਰਟੀ ਅਤੇ ਇਸ ਦੇ ਵਰਕਰਾਂ ਨੂੰ ਭਾਜਪਾ ਕੋਲ ਗਹਿਣੇ ਰੱਖ ਦਿੱਤਾ ਹੈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਸਾਰੀ ਉਮਰ ਅਕਾਲੀ ਦਲ ਤੇ ਭਾਜਪਾ ਦੇ 'ਨਹੁੰ-ਮਾਸ' ਦਾ ਅਲਾਪ ਰਾਗਣ ਵਾਲੇ ਵੱਡੇ ਬਾਦਲ ਹੁਣ ਮੌਜੂਦਾ ਸਥਿਤੀ ਉਪਰ ਆਪਣੀ  ਚੁੱਪੀ ਤੋੜਨ। ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ ਦੇ ਅਕਾਲੀ ਦਲ ਉਪਰ ਕਬਜ਼ੇ ਨੂੰ ਲੈ ਕੇ ਪਹਿਲਾਂ ਹੀ ਵੱਡੇ ਬਾਦਲ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾ, ਜੀ.ਕੇ. ਜਿਹੇ ਵੱਡੇ ਕੱਦਾਵਾਰ ਆਗੂਆਂ ਦਾ ਸਾਥ ਗੁਆ ਚੁੱਕੇ ਹਨ ਅਤੇ ਹੁਣ ਭਾਜਪਾ ਨੇ ਵੀ ਅਕਾਲੀ ਦਲ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੀਟ ਨਾ ਮਿਲਣ ਤੋਂ ਬਾਅਦ ਹੁਣ ਅਕਾਲੀ ਦਲ ਸੀ.ਏ. ਏ. ਦੀ ਆੜ ਵਿੱਚ ਚੋਣਾਂ ਨਾ ਲੜਨ ਦਾ ਡਰਾਮਾ ਕਰ ਕੇ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਸੀ. ਏ. ਏ. ਦੇ ਹੱਕ ਵਿੱਚ ਵੋਟ ਪਾਉਣ ਅਤੇ ਫੇਰ ਪੰਜਾਬ ਵਿਧਾਨ ਸਭਾ ਵਿੱਚ ਸੀ. ਏ. ਏ. ਖਿਲਾਫ ਕਾਂਗਰਸ ਸਰਕਾਰ ਵੱਲੋਂ ਲਿਆਂਦੇ ਮਤੇ ਖਿਲਾਫ ਭੁਗਤ ਕੇ ਅਕਾਲੀ ਦਲ ਨੂੰ ਦੁਨੀਆਂ ਭਰ ਦੇ ਸਿੱਖਾਂ ਨੇ ਲਾਹਨਤਾਂ ਪਾਈਆਂ। ਹੁਣ ਅਕਾਲੀ ਦਲ ਆਪਣੀ ਸ਼ਾਖ ਬਚਾਉਣ ਲਈ ਝੂਠਾ ਡਰਾਮਾ ਕਰ ਰਿਹਾ ਹੈ, ਜਿਸ ਦੀਆਂ ਗੱਲਾਂ ਵਿੱਚ ਲੋਕ ਨਹੀਂ ਆਉਣਗੇ। ਕਾਂਗਰਸੀ ਆਗੂਆਂ ਨੇ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਕੌਮੀ ਪਾਰਟੀ ਬਣਾਉਣ ਦੇ ਦਾਅਵਿਆਂ ਉਤੇ ਚੁਟਕੀ ਲੈਂਦਿਆਂ ਕਿਹਾ ਕਿ ਅਕਾਲੀ ਦਲ ਦਾ ਜੋ ਹਸ਼ਰ ਪੰਜਾਬ, ਹਰਿਆਣਾ ਤੇ ਹੁਣ ਦਿੱਲੀ ਵਿੱਚ ਜੋ ਹਾਲ ਹੋਇਆ ਹੈ, ਉਸ ਲਿਹਾਜ਼ ਨਾਲ ਲੱਗਦਾ ਹੈ ਕਿ ਇਸ ਪਾਰਟੀ ਦਾ ਕੋਈ ਭਵਿੱਖ ਨਹੀਂ ਹੈ ਅਤੇ ਅਕਾਲੀ ਦਲ ਸਿਰਫ ਬਾਦਲ-ਮਜੀਠੀਆ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਜਾਵੇਗਾ ਜਿਸ ਵਿੱਚੋਂ ਸਾਰੇ ਟਕਸਾਲੀ ਲੀਡਰ ਇਕ-ਇਕ ਕਰ ਕੇ ਬਾਹਰ ਹੋ ਗਏ।



 


Related News