ਖਾਲਿਸਤਾਨ ਨਹੀਂ ਪੰਜਾਬ ਸਾਡਾ ਮੁੱਦਾ : ਢੀਂਡਸਾ
Tuesday, Jul 07, 2020 - 01:49 AM (IST)
ਪਟਿਆਲਾ,(ਜੋਸਨ)-ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਦੇ ਹਮ ਖਿਆਲੀ ਨੇਤਾਵਾਂ ਵੱਲੋਂ ਅੱਜ 7 ਜੁਲਾਈ ਨੂੰ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਜਾਵੇਗਾ, ਜਿਸ ਦਾ ਸਭ ਤੋਂ ਪਹਿਲਾਂ ਏਜੰਡਾ ਐੱਸ. ਜੀ. ਪੀ. ਸੀ . ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਹੋਵੇਗਾ। ਸੁਖਦੇਵ ਸਿੰਘ ਢੀਂਡਸਾ ਅੱਜ ਇਥੇ ਪਟਿਆਲਾ ਵਿਖੇ ਟਕਸਾਲੀ ਨੇਤਾ ਅਤੇ ਐੱਸ. ਐੱਸ. ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਉਨ੍ਹਾਂ ਨਾਲ ਸ਼ਾਮਲ ਹੋਏ ਸੈਂਕੜੇ ਵਰਕਰਾਂ ਨੂੰ ਸ਼ਾਮਲ ਕਰਾਉਣ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਢੀਂਡਸਾ ਨੇ ਕਿਹਾ ਕਿ ਅੱਜ ਐੱਸ. ਜੀ. ਪੀ. ਸੀ. ਦੇ ਖਜ਼ਾਨੇ ਨੂੰ ਦੋਵੇਂ ਬਾਦਲ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਅਕਾਲੀ ਦਲ ਨੂੰ ਇਕ ਕੰਪਨੀ ਬਣਾ ਦਿੱਤਾ ਹੈ, ਜਿਸ ਦਾ ਪੰਜਾਬ 'ਚ ਸੰਗਤਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੇ ਇਕ ਮਾਫੀਏ ਦੇ ਰੂਪ 'ਚ ਕੰਮ ਕੀਤਾ ਅਤੇ ਹੁਣ ਇਹ ਮਾਫੀਆ ਕਾਂਗਰਸ 'ਚ ਆ ਰਲਿਆ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਸਾਡਾ ਏਜੰਡਾ ਨਹੀਂ ਹੈ ਅਤੇ ਨਾ ਹੀ ਅਸੀਂ ਖਾਲਿਸਤਾਨ ਦੇ ਹੱਕ 'ਚ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਸ਼ਹਿ 'ਤੇ ਖਾਲਿਸਤਾਨ ਦੇ ਹੱਕ 'ਚ ਬਿਆਨ ਆਏ ਸਨ, ਇਹ ਏਜੰਡਾ ਉਨ੍ਹਾਂ ਦਾ ਹੈ ਅਤੇ ਹੁਣ ਬਾਦਲਾਂ ਦਾ ਲੁਕਵਾਂ ਚਿਹਰਾ ਲੋਕਾਂ ਸਾਹਮਣੇ ਆ ਰਿਹਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਪੰਜਾਬ ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਅਨੂਪਇੰਦਰ ਕੌਰ ਸੰਧੂ, ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਏ. ਐੱਮ. ਗੁਰਬਚਨ ਸਿੰਘ ਬਚੀ, ਰਣਧੀਰ ਸਿੰਘ ਰੱਖੜਾ, ਗੁਰਸੇਵਕ ਸਿੰਘ ਹਰਪਾਲਪੁਰ ਟਕਸਾਲੀ ਨੇਤਾ ਸਮੇਤ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।