ਅਕਾਲੀ ਦਲ ਨੇ ਕੁਰਸੀ ਛੱਡੀ ਪਰ ‘ਜੱਫੀ’ ਨਹੀਂ : ਲਾਲ ਸਿੰਘ

Monday, Sep 21, 2020 - 12:00 PM (IST)

ਅਕਾਲੀ ਦਲ ਨੇ ਕੁਰਸੀ ਛੱਡੀ ਪਰ ‘ਜੱਫੀ’ ਨਹੀਂ : ਲਾਲ ਸਿੰਘ

ਪਟਿਆਲਾ (ਰਾਜੇਸ਼ ਪੰਜੌਲਾ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਲਾਲ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕਿਸੇ ਮਜ਼ਬੂਰੀ ਕਾਰਣ ਅਤੇ ਸਮਾਂ ਟਪਾਉਣ ਲਈ ਪਤੀ-ਪਤਨੀ ਸਿਰਫ ਕਾਗਜ਼ਾਂ ’ਚ ਤਲਾਕ ਲੈ ਕੇ ਸਮਾਜ ਅਤੇ ਅਦਾਲਤਾਂ ਦੀ ਨਜ਼ਰ ’ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਸਾਨ ਬਿੱਲਾਂ ਦੇ ਮਾਮਲੇ ’ਤੇ ਅਕਾਲੀ ਦਲ ਨੇ ਇਸੇ ਤਰ੍ਹਾਂ ਹੀ ਕੀਤਾ ਹੈ। ਆਪਣੀ ਰਾਜਨੀਤਕ ਹੌਂਦ ਬਚਾਉਣ ਲਈ ਅਤੇ ਚੀਚੀ ’ਤੇ ਖੂਨ ਲਾ ਕੇ ਸ਼ਹੀਦ ਬਣਨ ਦੀ ਮਨਸ਼ਾ ਨਾਲ ਸੁਖਬੀਰ ਬਾਦਲ ਨੇ ਆਪਣੀ ਧਰਮ ਪਤਨੀ ਤੋਂ ਅਸਤੀਫ਼ ਦਵਾ ਕੇ ਕੁਰਸੀ ਤਾਂ ਛੱਡ ਦਿੱਤੀ ਹੈ ਪਰ ਅਜੇ ਤੱਕ ਕਿਸਾਨ ਵਿਰੋਧੀ ਭਾਜਪਾ ਨਾਲ ‘ਜੱਫੀ’ ਜਾਰੀ ਹੈ। ਲਾਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਕਾਗਜ਼ਾਂ ’ਚ ਤਾਂ ਤਲਾਕ ਲੈ ਲਿਆ ਹੈ ਪਰ ਦੋਨੋਂ ਇੱਕੋ ਹੀ ਘਰ ’ਚ ਰਹਿ ਰਹੇ ਹਨ। ਅਜਿਹੇ ’ਚ ਲੋਕ ਕਿਵੇਂ ਵਿਸ਼ਵਾਸ਼ ਕਰਨ?

ਇਹ ਵੀ ਪੜ੍ਹੋ :  ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ

ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਮਜ਼ਬੂਤ ਲੀਡਰ ਦੀ ਅਗਵਾਈ ਹੇਠ ਪੰਜਾਬ ਦੀਆਂ ਸਮੁੱਚੀਆਂ ਪੰਜਾਬ ਤੇ ਕਿਸਾਨ ਹਿਤੈਸ਼ੀ ਪਾਰਟੀਆਂ ਤੇ ਸੰਗਠਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ਼ ਸੰਘਰਸ਼ ’ਚ ਇਕੱਠੇ ਹੋਣ। ਲਾਲ ਸਿੰਘ ਨੇ ਕਿਹਾ ਕਿ ਇਹ ਤਿੰਨੋਂ ਕਾਨੂੰਨ ਪੰਜਾਬ, ਪੰਜਾਬ ਦੀ ਕਿਸਾਨੀ, ਮਜ਼ਦੂਰਾਂ, ਵਪਾਰੀਆਂ ਅਤੇ ਆੜ੍ਹਤੀਆਂ ਨੂੰ ਤਬਾਹ ਕਰ ਦੇਣਗੇ। ਪੂਰੇ ਪੰਜਾਬ ਦੀ ਆਰਥਿਕ ਹਾਲਤ ਤਹਿਸ-ਨਹਿਸ ਹੋ ਜਾਵੇਗੀ। ਇਨ੍ਹਾਂ ਕਾਨੂੰਨਾਂ ਦੇ ਸਿੱਟੇ ਕਾਫੀ ਭਿਆਨਕ ਨਿਕਲ ਸਕਦੇ ਹਨ ਅਤੇ ਪੰਜਾਬ ਤੇ ਦੇਸ਼ ਦੇ ਹਾਲਾਤ ਖ਼ਰਾਬ ਹੋ ਸਕਦੇ ਹਨ, ਜਿਸ ਦਾ ਖਦਸ਼ਾ ਪੰਜਾਬ ਦੇ ਮੁੱਖ ਮੰਤਰੀ ਪ੍ਰਗਟ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਜਨਤਾ ਦੀ ਆਵਾਜ਼ ਸੁਣੇ। ਸਿਰਫ ਆਪਣੇ ਹੰਕਾਰ ਕਾਰਣ ਇਹ ਕਾਲੇ ਕਾਨੂੰਨ ਲੋਕਾਂ ’ਤੇ ਨਾ ਥੋਪੇ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ


author

Gurminder Singh

Content Editor

Related News