ਮਹਿੰਗਾਈ ਖ਼ਿਲਾਫ ਅਕਾਲੀ ਦਲ ਨੇ ਘੇਰੀ ਪੰਜਾਬ ਸਰਕਾਰ, ਕੀਤਾ ਪਿੱਟ ਸਿਆਪਾ
Tuesday, Oct 18, 2022 - 05:43 PM (IST)
 
            
            ਪਟਿਆਲਾ (ਮਨਦੀਪ ਜੋਸਨ) : ਅਕਾਲੀ ਦਲ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਅਤੇ ਸੀਨੀਅਰ ਅਕਾਲੀ ਨੇਤਾ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਸਾਹਮਣੇ ਮਹਿੰਗਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੰਦਿਆਂ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਇਸ ਮੌਕੇ ਬਿੱਟੂ ਚੱਠਾ ਨੇ ਆਖਿਆ ਕਿ ਅੱਜ 25 ਰੁਪਏ ਫੁੱਟ ਵਾਲਾ ਰੇਤਾ 55 ਰੁਪਏ ਪਹੁੰਚ ਗਿਆ ਹੈ, ਰਜਿਸਟਰੀਆਂ ਬੰਦ ਹਨ, ਕਿਸਾਨਾਂ ਨੂੰ ਖਰਾਬ ਫਸਲ ਦਾ ਮੁਆਵਜ਼ਾ ਨਹੀਂ ਮਿਲ ਰਿਹਾ, ਮੁਲਾਜ਼ਮ ਹੜਤਾਲ ’ਤੇ ਬੈਠੇ ਹਨ ਅਤੇ ਸਰਕਾਰ ਡਰਾਮੇਬਾਜ਼ੀ ਕਰਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਆਖਿਆ ਕਿ ਅੱਜ ਸਾਰਾ ਪੰਜਾਬ ਇਸ ਗੱਲ ਨੂੰ ਲੈ ਕੇ ਪਛਤਾਅ ਰਿਹਾ ਹੈ ਕਿ ਉਨ੍ਹਾਂ ਸਰਕਾਰ ਤਾਂ ਬਦਲਾਅ ਨੂੰ ਲੈ ਕੇ ਆਉਂਦੀ ਸੀ ਪਰ ਇਹ ਬਦਲਿਆਂ ਵਾਲੀ ਸਰਕਾਰ ਸਾਬਿਤ ਹੋ ਰਹੀ ਹੈ।
ਇਸ ਸਰਕਾਰ ਨੇ ਕੋਈ ਵੀ ਕੰਮ ਲੋਕ ਹਿੱਤ ਦਾ ਨਹੀਂ ਕੀਤਾ। ਸਿਰਫ਼ ਪੰਜਾਬ ਦੇ ਲੋਕ-ਵਿਰੋਧੀ ਕੰਮ ਕਰ ਰਹੀ ਹੈ, ਜਿਸ ਨਾਲ 8 ਮਹੀਨਿਆਂ ਅੰਦਰ ਸਾਰੇ ਪੰਜਾਬ ’ਚ ਹਾਹਾਕਾਰ ਮਚੀ ਪਈ ਹੈ। ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਦੂਸਰੇ ਸੂਬਿਆਂ ਅੰਦਰ ਲਗਾ ਰਹੀ ਹੈ। ਇਨ੍ਹਾਂ ਨੂੰ ਪੰਜਾਬ ਨਾਲ ਕੋਈ ਸਾਰੋਕਾਰ ਨਹੀਂ ਹੈ, ਭਾਵੇਂ ਪਾਣੀਆਂ ਦਾ ਮਸਲਾ ਹੋਵੇ ਭਾਵੇਂ ਹੋਰ ਮਸਲੇ ਹੋਣ ਸੱਤਾ ਪਾਵਰ ਦਾ ਕੇਂਦਰ ਬਿੰਦੂ ਦਿੱਲੀ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ, ਜਿਸ ਕਾਰਨ ਪੰਜਾਬ ’ਚ ਹਫਰਾ-ਦਫਰੀ ਮਚੀ ਪਈ ਹੈ। ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਨੇ 10 ਸਾਲ ਸੂਬੇ ਦੇ ਹਿੱਤਾਂ ਲਈ ਕੰਮ ਕੀਤਾ। ਅੱਜ ਲੋਕ ਮੁੜ ਅਕਾਲੀ ਦਲ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਲੰਘੇ 5 ਸਾਲ ਵੀ ਕਾਂਗਰਸ ਨੇ ਲੁੱਟ ਮਚਾਈ। ਹੁਣ ਫਿਰ ਲੋਟੂਆਂ ਦੀ ਸਰਕਾਰ ਸੂਬੇ ਨੂੰ ਬਰਬਾਦ ਕਰਨ ’ਤੇ ਤੁਰੀ ਪਈ ਹੈ। ਇਸ ਮੌਕੇ ਹੋਰ ਨੇਤਾਵਾਂ ਨੇ ਆਪਣੇ ਵਿਚਾਰ ਰੱਖਦਿਆਂ ਆਖਿਆ ਕਿ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਲੋਕਾਂ ਦੇ ਹੱਕਾਂ ਲਈ ਇਹ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਅਮਿਤ ਰਾਠੀ ਕੌਮੀ ਸਪੋਕਸਮੈਨ, ਲਖਵੀਰ ਸਿੰਘ ਲੋਟ ਸਾਬਕਾ ਚੇਅਰਮੈਨ, ਡਾ. ਹਰਵਿੰਦਰ ਬੱਬੂ, ਹਰਿੰਦਰ ਹਰਦਾਸਪੁਰ ਸਰਕਲ ਪ੍ਰਧਾਨ, ਮਾਲਵਿੰਦਰ ਸਿੰਘ ਮਾਲੀ, ਜੱਸੀ ਫੱਗਣਮਾਜਰਾ, ਹਰਿੰਦਰ ਸਿੰਘ ਹਰਦਾਸਪੁਰ, ਬੀਬੀ ਜਸਪਾਲ ਕੌਰ ਬਾਰਨ, ਪਰਮਜੀਤ ਸਿੰਘ ਪੰਮਾ, ਐਡੋਵੋਕੇਟ ਸੁਖਮਿੰਦਰ ਸਿੰਘ ਬੌਬੀ, ਲਖਵੀਰ ਸਿੰਘ ਭੱਟੀ, ਮੁਖਵਿੰਦਰ ਪਾਲ ਸਿੰਘ ਮਿੰਟਾ, ਹਰਜੋਤ ਅਕਾਲੀ ਮਾਜਰਾ, ਜਸਪ੍ਰੀਤ ਸਿੰਘ, ਪ੍ਰਤਾਪ ਸਿੰਘ ਸੰਧੂ, ਸੰਦੀਪ ਸੰਧੂ, ਸੁਖਦੇਵ ਸਰਪੰਚ ਲੁਬਾਣਾ ਮਾਡਲ ਟਾਊਨ, ਬਲਜਿੰਦਰ ਸਿੰਘ ਬੱਬੀ, ਮਨਪ੍ਰੀਤ ਸਿੰਘ ਮਨੀ ਅਲੀ, ਨਰਿੰਦਰ ਸਿੰਘ ਝਿਲ, ਜਸਵਿੰਦਰ ਸਿੰਘ ਟਵਿੰਕਲ, ਗੁਰਪ੍ਰੀਤ ਸਿੰਘ ਬਾਰਨ, ਗੁਰਤੇਵ ਸਿੰਘ ਓ. ਐੱਸ. ਡੀ., ਬਲਜੀਤ ਸਿੰਘ ਮਾਜਰੀ, ਦਲਜੀਤ ਸਿੰਘ ਚਾਹਿਲ, ਸ਼ੱਕੂ ਗਰੋਵਾਲ, ਰਾਜੂ ਐੱਮ. ਸੀ., ਜਥੇਦਾਰ ਜਗਦੇਵ ਸਿੰਘ, ਅਵਤਾਰ ਸਿੰਘ ਹੈਪੀ, ਮਨਜੀਤ ਸਿੰਘ ਚਾਹਲ, ਹਰਿੰਦਰ ਖਰੌੜ, ਬੱਲਾਂ ਆਦਿ ਮੌਜੂਦ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            