ਸ਼੍ਰੋਮਣੀ ਅਕਾਲੀ ਦਲ ਵੱਲੋਂ 12 ਨੂੰ ਕੈਪਟਨ ਸਰਕਾਰ ਵਿਰੁੱਧ ਦਿੱਤਾ ਜਾਵੇਗਾ ਧਰਨਾ : ਫਫੜੇ
Saturday, Jun 10, 2017 - 06:54 PM (IST)
ਬੁਢਲਾਡਾ (ਮਨਜੀਤ) : ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਕੈਪਟਨ ਸਰਕਾਰ ਵਿਰੁੱਧ ਵੱਖ-ਵੱਖ ਲੋਕ ਵਿਰੋਧੀ ਮੁੱਦਿਆਂ ਨੂੰ ਲੈ ਕੇ ਜ਼ਿਲਾ ਪੱਧਰੀ ਮਾਨਸਾ ਵਿਖੇ 12 ਜੂਨ ਨੂੰ 10 ਤੋਂ 12 ਵਜੇ ਤੱਕ ਜ਼ਿਲਾ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਅਕਾਲੀ-ਭਾਜਪਾ ਵਰਕਰ ਅਤੇ ਆਗੂ ਸ਼ਾਮਲ ਹੋਣਗੇ। ਇਹ ਸ਼ਬਦ ਸ਼ਨੀਵਾਰ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਥਾਂ-ਥਾਂ ਤੇ ਅਕਾਲੀ ਵਰਕਰਾਂ, ਦਲਿਤਾਂ ਤੇ ਅੱਤਿਆਚਾਰ, ਰੇਤਾ ਦੇ ਰੇਟਾਂ ਵਿਚ ਕਈ ਗੁਣਾ ਵਾਧਾ ਹੋਣਾ, ਧਾਰਮਿਕ ਬੇਅਦਬੀਆਂ ਹੋਣਾ, ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕਰਨਾ, ਕਿਸਾਨਾਂ ਦੀਆਂ ਦਿਨੋ-ਦਿਨ ਖੁਦਕੁਸ਼ੀਆਂ ਵਿਚ ਵਾਧਾ ਹੋਣਾ, ਅਕਾਲੀ-ਭਾਜਪਾ ਸਰਕਾਰ ਵੱਲੋ ਚਲਾਈਆਂ ਸਕੀਮਾਂ ਬੰਦ ਕਰਨਾ ਅਤੇ ਨੌਜਵਾਨ ਵਰਗ ਨੂੰ ਨੌਕਰੀਆਂ ਦੇ ਲਾਰੇ ਲਾ ਕੇ ਕਾਂਗਰਸ ਸਰਕਾਰ ਬਣਾਉਣਾ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਰੈਲੀ ਦੇ ਰੂਪ ਵਿਚ ਕੈਪਟਨ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਰਨੇ ਵਿਚ ਹੁੰਮ-ਹੁਮਾ ਕੇ ਪਹੁੰਚਣ। ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਜਥੇਦਾਰ ਅਜੈਬ ਸਿੰਘ ਖੂਡਾਲ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਜਥੇਦਾਰ ਹਰਮੇਲ ਸਿੰਘ ਕਲੀਪੁਰ, ਯੂਥ ਆਗੂ ਜਗਸੀਰ ਸਿੰਘ ਅੱਕਾਂਵਾਲੀ, ਅਕਾਲੀ ਆਗੂ ਸ਼ਾਮ ਲਾਲ ਧਲੇਵਾਂ, ਜਥੇਦਾਰ ਜੋਗਾ ਸਿੰਘ ਬੋਹਾ ਨੇ ਕਿਹਾ ਕਿ ਪਾਰਟੀ ਦੇ ਵਰਕਰਾਂ ਵਿੱਚ ਧਰਨੇ ਪ੍ਰਤੀ ਉਤਸ਼ਾਹ ਹੈ। ਉਹ ਹੁੰਮ-ਹੁਮਾ ਕੇ ਪਹੁੰਚਣਗੇ।
