ਅਕਾਲੀ ਦਲ ਨੇ ਕੈਪਟਨ ''ਤੇ ਸਾਧਿਆ ਨਿਸ਼ਾਨਾ, ਕਿਹਾ- ਹੁਣ ਜਾਂਚ ''ਚ ਆਪਣਾ ਨਾਮ ਵੀ ਸ਼ਾਮਲ ਕਰਵਾਉਣ
Tuesday, Dec 10, 2019 - 01:25 AM (IST)
ਚੰਡੀਗੜ੍ਹ,(ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਨਾਂ ਉਨ੍ਹਾਂ ਕਾਂਗਰਸੀ ਆਗੂਆਂ ਦੀ ਸੂਚੀ ਵਿਚ ਸ਼ਾਮਲ ਕਰਨ ਲਈ ਆਖਿਆ ਹੈ, ਜਿਨ੍ਹਾਂ ਦੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸੁਖਬੀਰ ਨੇ ਸਬੂਤ ਵਜੋਂ ਇਕ ਫੋਟੋ ਜਾਰੀ ਕੀਤੀ ਹੈ, ਜਿਸ 'ਚ 2017 ਦੇ ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਦਾ ਸਨਮਾਨ ਕਰਦੇ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜਵਾਬੀ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਦੇਰ ਸ਼ਾਮ ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਤਸਵੀਰ ਜਾਰੀ ਕੀਤੀ ਹੈ। ਇਹ ਟਿੱਪਣੀ ਕਰਦਿਆਂ ਕਿ ਉਸ ਦੇ ਆਪਣੇ ਡੀਜੀਪੀ ਦੁਆਰਾ ਪੁੱਛ ਗਿੱਛ ਲਈ ਸੱਦਿਆ ਜਾਣਾ ਮੁੱਖ ਮੰਤਰੀ ਨੂੰ ਮੁਸ਼ਕਿਲ ਲੱਗੇਗਾ, ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਜਪਾਲ ਨੂੰ ਬੇਨਤੀ ਕਰੇਗਾ ਕਿ ਉਹ ਸਰਕਾਰ ਨੂੰ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਕਹਿਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਬਿੱਟੂ ਨੂੰ ਕਾਂਗਰਸ ਵਿਚ ਸ਼ਾਮਿਲ ਕਰਨ ਦੀ ਤਸਵੀਰ ਤੋਂ ਇਲਾਵਾ, ਅਕਾਲੀ ਦਲ ਇੱਕ ਹੋਰ ਤਸਵੀਰ ਵੀ ਭੇਜੇਗਾ, ਜਿਸ ਵਿਚ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਨਾਮੀ ਗੈਂਗਸਟਰ ਪਰਦੀਪ ਸੰਧੂ ਨੂੰ ਕਾਂਗਰਸ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ।ਇਹ ਤਸਵੀਰ ਵੀ 2017 ਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮੁੱਖ ਮੰਤਰੀ ਨੇ ਬਿੱਟੂ ਦੀਆਂ ਅਕਾਲੀ ਆਗੂਆਂ ਨਾਲ ਖਿੱਚੀਆਂ ਗਈਆਂ ਕੁੱਝ ਪੁਰਾਣੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ ਪਰ ਉਹ ਇਹ ਭੁੱਲ ਗਿਆ ਹੈ ਕਿ ਉਸ ਨੇ 2017 ਸਰਕਾਰ ਬਣਾਉਣ ਦੇ ਮੌਕੇ ਉੱਤੇ ਬਿੱਟੂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਕੇ ਉਸ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਸੀ। ਸੁਖਬੀਰ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਰਾਜਪਾਲ ਤੋਂ ਸੀ.ਬੀ.ਆਈ. ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਮੁੱਖ ਮੰਤਰੀ ਦੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਬਚਾਅ ਕਰਨ ਦੀ ਮਨਸ਼ਾ ਵੀ ਸਾਫ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲੇ ਲੈਣ ਲਈ ਗੈਗਸਟਰਾਂ ਨਾਲ ਗਠਜੋੜ ਬਣਾ ਰੱਖਿਆ ਹੈ। ਇਸੇ ਤਰ੍ਹਾਂ ਇਹਨਾਂ ਸਮਾਜ-ਵਿਰੋਧੀ ਤੱਤਾਂ ਨਾਲ ਇੱਕ ਸਮਝੌਤੇ ਤਹਿਤ, ਸਰਕਾਰ ਇਨ੍ਹਾਂ ਦੀ ਸਰਪ੍ਰਸਤੀ ਕਰ ਰਹੀ ਹੈ ਅਤੇ ਇਨ੍ਹਾਂ ਨੂੰ ਜੇਲਾਂ ਅੰਦਰ ਬੈਠ ਕੇ ਅਪਰਾਧਿਕ ਗਤੀਵਿਧੀਆਂ ਕਰਨ ਦੀ ਖੁੱਲ੍ਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਵਿਰੁੱਧ ਕਾਰਵਾਈ ਕਰਨ ਨਾਲ ਇਹ ਨਾਪਾਕ ਗਠਜੋੜ ਟੁੱਟ ਜਾਵੇਗਾ, ਇਸ ਲਈ ਰੰਧਾਵਾ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਸਰਪ੍ਰਸਤੀ ਦੇ ਢੇਰਾਂ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਮੁੱਖ ਮੰਤਰੀ ਜੇਲ੍ਹ ਮੰਤਰੀ ਦਾ ਸਮਰਥਨ ਕਰ ਰਿਹਾ ਹੈ।