ਅਕਾਲੀ ਦਲ ਦੇ ਧਰਨੇ ''ਚ ਭਾਜਪਾ ਗਾਇਬ
Wednesday, Nov 14, 2018 - 07:03 PM (IST)

ਜਲੰਧਰ : ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ ਵਜੋਂ ਅਕਾਲੀ ਦਲ ਵਲੋਂ ਕਾਂਗਰਸ ਨੂੰ ਘੇਰਨ ਲਈ ਜਲੰਧਰ 'ਚ ਡੀ. ਸੀ. ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਇਹ ਗੱਲ ਖਾਸ ਤੌਰ 'ਤੇ ਖਿੱਚ ਦਾ ਕੇਂਦਰ ਰਹੀ ਕਿ ਇਸ ਧਰਨੇ 'ਚ ਲੱਗੇ ਬੈਨਰਾਂ 'ਤੇ ਭਾਜਪਾ ਪੂਰਨ ਤੌਰ 'ਤੇ ਗਾਇਬ ਰਹੀ। ਇਥੇ ਹੀ ਬਸ ਨਹੀਂ ਜਿੱਥੇ ਭਾਜਪਾ ਅਕਾਲੀ ਦਲ ਦੇ ਬੈਨਰਾਂ 'ਤੋਂ ਗਾਇਬ ਸੀ, ਉਥੇ ਹੀ ਇਸ ਧਰਨੇ 'ਚ ਕਿਸੇ ਵੀ ਭਾਜਪਾ ਆਗੂ ਨੇ ਸ਼ਮੂਲੀਅਤ ਨਹੀਂ ਕੀਤੀ। ਭਾਜਪਾ ਵਲੋਂ ਅਕਾਲੀ ਦਲ ਤੋਂ ਬਣਾਈ ਗਈ ਦੂਰੀ ਨੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਦਰਅਸਲ ਪਿਛਲੇ ਸਮੇਂ ਵੀ ਅਕਾਲੀ-ਭਾਜਪਾ ਵਿਚਾਲੇ ਤਣਾ-ਤਣੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਮੌਜੂਦਾ ਸਮੇਂ ਵਿਚ ਬੇਅਦਬੀ ਘਟਨਾਵਾਂ ਅਤੇ ਬਰਗਾੜੀ ਗੋਲੀ ਕਾਂਡ ਨੂੰ ਲੈ ਕੇ ਚੁਫੇਰਿਓਂ ਘਿਰੇ ਅਕਾਲੀ ਦਲ ਦੇ ਹੱਕ ਵਿਚ ਵੀ ਕਿਸੇ ਭਾਜਪਾ ਲੀਡਰ ਦਾ ਬਿਆਨ ਫਿਲਹਾਲ ਨਹੀਂ ਆਇਆ ਹੈ। ਉਧਰ ਅਕਾਲੀ ਦਲ ਵਿਚ ਚੱਲ ਰਹੇ ਅੰਦਰੂਨੀ ਕਲੇਸ਼ 'ਤੇ ਭਾਜਪਾ ਚੁੱਪ ਵੱਟ ਕੇ ਸਾਰੇ ਘਟਨਾਕ੍ਰਮ 'ਤੇ ਨਜ਼ਰ ਟਿਕਾਈ ਬੈਠੀ ਹੈ। ਗਠਜੋੜ ਵਲੋਂ ਇਹ ਦੂਰੀ ਵੀ ਉਸ ਸਮੇਂ ਬਣਾਈ ਗਈ ਹੈ ਜਦੋਂ ਲੋਕ ਸਭਾ ਸਿਰ 'ਤੇ ਹਨ।