ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ
Monday, Sep 21, 2020 - 05:19 PM (IST)
ਪਟਿਆਲਾ (ਰਾਜੇਸ਼) - ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਟੁੱਟਣਾ ਤੈਅ ਹੈ ਤੇ ਇਸ ਵਿਚ ਸਿਰਫ ਰਸਮੀ ਐਲਾਨ ਬਾਕੀ ਰਹਿ ਗਿਆ ਹੈ ਜੋ 25 ਸਤੰਬਰ ਨੂੰ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਕੀਤਾ ਜਾ ਸਕਦਾ ਹੈ। ਭਾਵੇਂ ਮੋਦੀ ਸਰਕਾਰ ਵਿਚੋਂ ਅਸਤੀਫ਼ਾ ਦੇਣ ਸਮੇਂ ਖੁਦ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਐਨ. ਡੀ. ਏ. ਵਿਚ ਉਹ ਬਣੇ ਰਹਿਣਗੇ ਤੇ ਸਰਕਾਰ ਨੂੰ ਬਾਹਰੋਂ ਹਮਾਇਤ ਦੇਣਗੇ ਪਰ ਪਿਛਲੇ ਦੋ ਦਿਨਾਂ ਤੋਂ ਸੁਖਬੀਰ ਬਾਦਲ ਦੇ ਤੇਵਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ਵਿਚ ਹਨ ਜਦਕਿ ਪਾਰਟੀ ਦੇ ਹੋਰ ਸੀਨੀਅਰ ਆਗੂ ਤਾਂ ਪਹਿਲਾਂ ਹੀ ਗਠਜੋੜ ਤੋੜਨ ਦੇ ਪੱਖ ਵਿਚ ਹਨ ਤੇ ਕੁਝ ਸੀਨੀਅਰ ਆਗੂ ਤਾਂ ਜਨਤਕ ਤੌਰ ’ਤੇ ਬਿਆਨ ਵੀ ਦੇ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ
ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਖੇਤੀਬਾੜੀ ਬਾਰੇ ਪਾਸ ਕਰਵਾਏ ਬਿੱਲ ਰੱਦ ਨਹੀਂ ਹੁੰਦੇ, ਉਦੋਂ ਤੱਕ ਅਕਾਲੀ ਦਲ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰੇਗੀ। ਅੱਜ ਇਸ ਤੋਂ ਇਕ ਕਦਮ ਹੋਰ ਅੱਗੇ ਪੁੱਟਦਿਆਂ ਸੁਖਬੀਰ ਬਾਦਲ ਨੇ ਅੱਜ ਰਾਜ ਸਭਾ ਵਿਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਰਾਸ਼ਟਰਪਤੀ ਨੂੰ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਵਾਸਤੇ ਕਿਹਾ ਹੈ ਤੇ ਖੁਦ ਮਿਲਣ ਦਾ ਸਮਾਂ ਵੀ ਮੰਗਿਆ ਹੈ। ਮੋਦੀ ਸਰਕਾਰ ਵੱਲੋਂ ਸੰਸਦ ਵਿਚ ਬਿੱਲ ਪਾਸ ਕਰਵਾਉਣ ਵਿਚ ਮਿਲੀ ਸਫਲਤਾ ਖ਼ਿਲਾਫ਼ ਸ਼ਰ੍ਹੇਆਮ ਡੱਟ ਕੇ ਸਟੈਂਡ ਲੈਣ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਗਠਜੋੜ ਤੋੜਨ ਦਾ ਸਿਰਫ਼ ਰਸਮੀ ਐਲਾਨ ਬਾਕੀ ਹੈ, ਅਕਾਲੀ ਲੀਡਰਸ਼ਿਪ ਇਹ ਗਠਜੋੜ ਤੋੜਨ ਦਾ ਮਨ ਬਣਾ ਚੁੱਕੀ ਹੈ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਗਠਜੋੜ ਟੁੱਟਣ ਦਾ ਪੰਜਾਬ ‘ਤੇ ਸਿਰਫ ਸਿਆਸੀ ਹੀ ਨਹੀਂ ਬਲਕਿ ਸਮਾਜਿਕ ਤੌਰ ’ਤੇ ਵੀ ਕੀ ਅਸਰ ਪਵੇਗਾ ਕਿਉਂਕਿ ਇਸ ਗਠਜੋੜ ਨੂੰ ਸਿਆਸੀ ਦੇ ਨਾਲ ਨਾਲ ਹਿੰਦੂ ਪਾਰਟੀ ਤੇ ਸਿੱਖ ਪਾਰਟੀ ਵਿਚਾਲੇ ਸਮਾਜਿਕ ਗਠਜੋੜ ਵੀ ਮੰਨਿਆ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : 'ਆਪ' ਦੇ ਚਾਰ ਬਾਗੀ ਵਿਧਾਇਕਾਂ ਨੇ ਘੜੀ ਨਵੀਂ ਵਿਉਂਤ, ਲਿਆ ਵੱਡਾ ਫ਼ੈਸਲਾ
ਹੁਣ ਇਹ ਸਪੱਸ਼ਟ ਹੈ ਕਿ ਅਕਾਲੀ ਦਲ 2022 ਦੀਆਂ ਚੋਣਾਂ ਆਪਣੇ ਬਲਬੂਤੇ ਲੜੇਗਾ। ਉਂਝ ਵੀ 117 ਵਿਚੋਂ 94 ਸੀਟਾਂ ’ਤੇ ਉਹ ਆਪ ਲੜਦਾ ਰਿਹਾ ਹੈ ਜਦਕਿ ਭਾਜਪਾ ਨੂੰ 23 ਸੀਟਾਂ ਦਿੰਦਾ ਰਿਹਾ ਹੈ। ਭਾਵੇਂ ਕੌਮੀ ਪੱਧਰ ’ਤੇ ਭਾਜਪਾ ਨੂੰ ਜੋ ਮਰਜ਼ੀ ਸਫਲਤਾ ਮਿਲੀ ਹੋਵੇ ਪਰ ਪੰਜਾਬ ਦੇ ਮਾਮਲੇ ਵਿਚ ਇਹ ਤੈਅ ਹੈ ਕਿ ਭਾਜਪਾ ਲਈ ਪਿੰਡਾਂ ਵਿਚ ਆਧਾਰ ਬਣਾਉਣਾ ਹਾਲੇ ਦੂਰ ਦੀ ਗੱਲ ਹੈ ਉਹ ਵੀ ਖਾਸ ਤੌਰ ’ਤੇ ਮੌਜੂਦਾ ਹਾਲਾਤ ਵਿਚ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਹਰ ਕਿਸਾਨ ਭਾਜਪਾ ਖ਼ਿਲਾਫ਼ ਡੱਟ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਇਨਸਾਫ਼ ਦਿਵਾਉਣ 'ਚ ਨਾਕਾਮ ਰਹੀ, ਮੈਨੂੰ ਮੁਆਫ਼ ਕਰ ਦਿਓ : ਹਰਸਿਮਰਤ