ਕੈਪਟਨ ਨੇ ਪੰਜਾਬ ''ਚ ਹਾਰ ਹੁੰਦੀ ਦੇਖ ਜਾਖੜ ਨੂੰ ਅਗਲਾ ਮੁੱਖ ਮੰਤਰੀ ਐਲਾਨਿਆ : ਮਜੀਠੀਆ

Friday, May 17, 2019 - 09:42 AM (IST)

ਕੈਪਟਨ ਨੇ ਪੰਜਾਬ ''ਚ ਹਾਰ ਹੁੰਦੀ ਦੇਖ ਜਾਖੜ ਨੂੰ ਅਗਲਾ ਮੁੱਖ ਮੰਤਰੀ ਐਲਾਨਿਆ : ਮਜੀਠੀਆ

ਅਜਨਾਲਾ (ਵਰਿੰਦਰ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ 'ਚ ਵੀਰਵਾਰ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਦੀ ਅਗਵਾਈ 'ਚ ਅਜਨਾਲਾ ਨੇੜਲੇ ਪਿੰਡ ਗੁੱਝਾਪੀਰ ਵਿਖੇ ਹਲਕਾ ਪੱਧਰੀ ਵਿਸ਼ਾਲ ਚੋਣ ਰੈਲੀ ਕਰਵਾਈ ਗਈ। ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੇ ਹਜ਼ਾਰਾਂ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਕੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹਾਰ ਸਪੱਸ਼ਟ ਦਿਸ ਰਹੀ ਹੈ ਤਾਂ ਹੀ ਉਸ ਨੇ ਸੁਨੀਲ ਜਾਖੜ ਨੂੰ ਅਗਲਾ ਮੁੱਖ ਮੰਤਰੀ ਐਲਾਨਿਆ ਹੈ। ਉਨ੍ਹਾਂ ਨੇ ਟਕਸਾਲੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਕਾਂਗਰਸ ਨਾਲ ਰਲੇ ਹੋਏ ਹਨ ਤੇ ਹੁਣ ਇਨ੍ਹਾਂ ਵਲੋਂ ਕਾਂਗਰਸ ਉਮੀਦਵਾਰ ਦੇ ਹੱਕ 'ਚ ਵੋਟਾਂ ਪਾਉਣ ਲਈ ਲੋਕਾਂ ਨੂੰ ਕਹਿਣ ਤੋਂ ਇਨ੍ਹਾਂ ਦੀ ਅਸਲੀਅਤ ਸਭ ਦੇ ਸਾਹਮਣੇ ਆ ਗਈ ਹੈ।

ਇਸ ਮੌਕੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹੁਣ ਤੱਕ ਜਦ ਵੀ ਦੇਸ਼ 'ਚ ਕਾਂਗਰਸ ਦੀ ਸਰਕਾਰ ਬਣੀ ਹੈ, ਉਸ ਨੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਪਰ ਭਾਜਪਾ ਸਰਕਾਰ ਨੇ ਹਮੇਸ਼ਾ ਦੇਸ਼ ਦੇ ਹਰ ਵਰਗ ਨੂੰ ਸਹੂਲਤਾਂ ਦੇ ਕੇ ਨਿਵਾਜਿਆ ਹੈ। ਇਸ ਮੌਕੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਕਿਹਾ ਕਿ ਥੋੜ੍ਹੇ ਹੀ ਸਮੇਂ 'ਚ ਹਲਕੇ ਨੇ ਉਨ੍ਹਾਂ ਨੂੰ ਜੋ ਪਿਆਰ ਦਿੱਤਾ ਹੈ, ਉਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਸ. ਮਜੀਠੀਆ ਤੇ ਸ. ਪੁਰੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਹਲਕਾ ਅਜਨਾਲਾ ਤੋਂ ਸ. ਪੁਰੀ ਭਾਰੀ ਬਹੁਮਤ ਨਾਲ ਜਿੱਤਣਗੇ।


author

Baljeet Kaur

Content Editor

Related News